ਗੁਰਪ੍ਰੀਤ ਸਿੰਘ :- ਈਰਾਨ ਅਤੇ ਅਮਰੀਕਾ ਵਿਚਕਾਰ ਵੱਧਦੇ ਤਣਾਅ ਅਤੇ ਜੰਗ ਵਰਗੇ ਹਾਲਾਤਾਂ ਦਾ ਅਸਰ ਹੁਣ ਲੁਧਿਆਣਾ ਦੀ ਟੈਕਸਟਾਈਲ ਅਤੇ ਡਾਇੰਗ ਇੰਡਸਟਰੀ ‘ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਕੱਚੇ ਮਾਲ, ਧਾਗੇ, ਡਾਈ-ਕੈਮੀਕਲ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਭਾਰੀ ਵਾਧੇ ਕਾਰਨ ਡਾਇੰਗ ਕਾਰੋਬਾਰੀਆਂ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ ਡਾਇੰਗ ਐਸੋਸੀਏਸ਼ਨਾਂ ਨੇ ਸਰਵਸੰਮਤੀ ਨਾਲ 14 ਤੋਂ 20 ਸਤੰਬਰ ਤੱਕ ਸਾਰੇ ਡਾਇੰਗ ਯੂਨਿਟ ਮੁਕੰਮਲ ਤੌਰ ‘ਤੇ ਬੰਦ ਰੱਖਣ ਦਾ ਸਮੂਹਿਕ ਫ਼ੈਸਲਾ ਲਿਆ ਹੈ।
ਪੰਜਾਬ ਡਾਇਅਰਸ ਐਸੋਸੀਏਸ਼ਨ ਵੱਲੋਂ ਕਮਲ ਚੌਹਾਨ ਅਤੇ ਰਜਨੀਸ਼ ਗੁਪਤਾ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਉਤਪਾਦਨ ਲਾਗਤ ਕਈ ਗੁਣਾ ਵੱਧ ਗਈ ਹੈ। ਬਜ਼ਾਰ ‘ਚ ਤਿਆਰ ਮਾਲ ਦੀਆਂ ਕੀਮਤਾਂ ਉਸ ਅਨੁਪਾਤ ‘ਚ ਨਾ ਵੱਧਣ ਕਾਰਨ ਮੌਜੂਦਾ ਦਰਾਂ ‘ਤੇ ਕੰਮ ਕਰਨਾ ਅਸੰਭਵ ਹੋ ਗਿਆ ਹੈ। ਪੋਲਿਸਟਰ ਡਾਇੰਗ ਦੀ ਦਰ ‘ਚ 10 ਰੁਪਏ ਪ੍ਰਤੀ ਕਿੱਲੋ ਅਤੇ ਕਾਟਨ ਡਾਇੰਗ ਦੀ ਦਰ ਵਿੱਚ 20 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਤਣਾਅ ਕਾਰਨ ਸਿੰਥੈਟਿਕ ਯਾਰਨ, ਡਾਈ-ਕੈਮੀਕਲ ਅਤੇ ਗੈਸ ਦੀ ਕਿੱਲਤ ਨੇ ਉਦਯੋਗ ਦੀ ਲਾਗਤ ਨੂੰ ਬਹੁਤ ਵਧਾ ਦਿੱਤਾ ਹੈ, ਜਿਸ ਨਾਲ ਕੁਝ ਧਾਗਿਆਂ ਦੇ ਰੇਟ 50 ਫ਼ੀਸਦੀ ਤੱਕ ਵੱਧ ਗਏ ਹਨ।
ਮੀਟਿੰਗ ਦੌਰਾਨ ਕਮਲ ਚੌਹਾਨ, ਰਜਨੀਸ਼ ਗੁਪਤਾ, ਮੋਹਿਤ ਮਹਾਰਾਜਾ, ਸੁਭਾਸ਼ ਸੈਣੀ, ਬਾਵਾ ਗੁਪਤਾ, ਬੌਬੀ ਜਿੰਦਲ ਅਤੇ ਅਜੇ ਹਾਂਡਾ ਸਮੇਤ ਕਈ ਪ੍ਰਮੁੱਖ ਕਾਰੋਬਾਰੀ ਮੌਜੂਦ ਰਹੇ। ਉਦਯੋਗ ਪ੍ਰਤੀਨਿਧੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਉਦਯੋਗ ਨੂੰ ਰਾਹਤ ਦੇਣ ਲਈ ਢੁਕਵੇਂ ਕਦਮ ਚੁੱਕੇ ਜਾਣ ਤਾਂ ਜੋ ਟੈਕਸਟਾਈਲ ਸਨਅਤ ਨੂੰ ਆਰਥਿਕ ਘਾਟੇ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੋਹਿਤ ਮਹਾਰਾਜਾ, ਰਜਨੀਸ਼ ਖੰਨਾ ਰੌਕੀ, ਸੁਭਾਸ਼ ਸੈਣੀ ਏਕਤਾ, ਬਾਵਾ ਗੁਪਤਾ, ਬੌਬੀ ਜਿੰਦਲ, ਜੀ.ਪੀ ਸਿੰਘ, ਰਜਨੀਸ਼ ਗੁਪਤਾ, ਰਾਹੁਲ ਵਰਮਾ, ਅਜੇ ਹਾਂਡਾ ਵੀ ਮੌਜੂਦ ਰਹੇ।
