ਏਸ਼ੀਆਈ ਖੇਡਾਂ ਤੋਂ 10 ਦਿਨ ਪਹਿਲਾਂ ਜਾਪਾਨ ‘ਚ ਹੜ੍ਹ

ਗੁਰਪ੍ਰੀਤ ਸਿੰਘ :- ਏਸ਼ੀਆਈ ਖੇਡਾਂ ਦੀ ਸ਼ੁਰੂਆਤ ਤੋਂ 10 ਦਿਨ ਪਹਿਲਾਂ ਜਾਪਾਨ ਦੇ ਨਾਗੋਯਾ ਸ਼ਹਿਰ ਵਿੱਚ ਭਾਰੀ ਹੜ੍ਹ ਆ ਗਿਆ। ਹਾਲਾਤ ਵਿਗੜਨ ਤੋਂ ਬਾਅਦ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਆਏ ਕਰੀਬ 400 ਖਿਡਾਰੀਆਂ ਅਤੇ ਸਪੋਰਟਸ ਸਟਾਫ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ। ਹੜ੍ਹ ਕਾਰਨ ਨਾਗੋਯਾ ਦੀਆਂ ਕਈ ਸੜਕਾਂ ਅਤੇ ਘਰ ਪਾਣੀ ਵਿੱਚ ਡੁੱਬ ਗਏ। ਬੱਸ ਅਤੇ ਮੈਟਰੋ ਸੇਵਾਵਾਂ ਵੀ ਕੁਝ ਸਮੇਂ ਲਈ ਪ੍ਰਭਾਵਿਤ ਰਹੀਆਂ। ਕਰੀਬ 3,500 ਲੋਕਾਂ ਨੇ ਐਮਰਜੈਂਸੀ ਸ਼ੈਲਟਰਾਂ ਵਿੱਚ ਸ਼ਰਨ ਲਈ।

ਨਾਗੋਯਾ ਦੇ ਮੇਅਰ ਇਚਿਰੋ ਹੀਰੋਸਾਵਾ ਨੇ ਕਿਹਾ ਕਿ ਏਸ਼ੀਆਈ ਖੇਡਾਂ ਨੂੰ ਲੈ ਕੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਟੂਰਨਾਮੈਂਟ ਨਿਰਧਾਰਤ ਸਮੇਂ ਮੁਤਾਬਕ ਹੀ ਕਰਵਾਇਆ ਜਾਵੇਗਾ। ਨਾਗੋਯਾ ਵਿੱਚ ਏਸ਼ੀਆਈ ਖੇਡਾਂ ਦੀ ਓਪਨਿੰਗ ਸੈਰੇਮਨੀ 19 ਸਤੰਬਰ ਨੂੰ ਹੋਣੀ ਹੈ। ਖੇਡਾਂ 19 ਸਤੰਬਰ ਤੋਂ 4 ਅਕਤੂਬਰ ਤੱਕ ਨਾਗੋਯਾ ਅਤੇ ਆਈਚੀ ਵਿੱਚ ਕਰਵਾਈਆਂ ਜਾਣੀਆਂ ਹਨ।

ਜਾਪਾਨੀ ਮੀਡੀਆ ਵੱਲੋਂ ਨਾਗੋਯਾ ਦੀਆਂ ਪਾਣੀ ਨਾਲ ਭਰੀਆਂ ਸੜਕਾਂ ਅਤੇ ਮੈਟਰੋ ਸਟੇਸ਼ਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਏਸ਼ੀਆਈ ਖੇਡਾਂ ਦੇ ਕੁਝ ਵੇਨਿਊਜ਼ ਵਿੱਚ ਵੀ ਛੱਤਾਂ ਤੋਂ ਪਾਣੀ ਟਪਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਹਾਲਾਂਕਿ ਮੇਅਰ ਹੀਰੋਸਾਵਾ ਨੇ ਕਿਹਾ ਕਿ ਏਸ਼ੀਆਈ ਖੇਡਾਂ ਲਈ ਬਣਾਏ ਗਏ ਦਰਜਨਾਂ ਵੇਨਿਊਜ਼ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ। ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *