SHO ਗਿਰਫ਼ਤਾਰ, ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਗੰਭੀਰ ਦੋਸ਼!

ਗੁਰਪ੍ਰੀਤ ਸਿੰਘ :- ਤਰਨਤਾਰਨ ਪੁਲਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਦੋ ਐੱਸਐੱਚਓ ਅਤੇ ਦੋ ਕਥਿਤ ਵਿਚੋਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਐਨਡੀਪੀਐੱਸ ਮਾਮਲਿਆਂ ਵਿੱਚ ਨਾਜਾਇਜ਼ ਲਾਭ ਪਹੁੰਚਾਉਣ ਬਦਲੇ ਕੁੱਲ 7 ਲੱਖ ਰੁਪਏ ਰਿਸ਼ਵਤ ਲਈ ਗਈ।

ਮਾਮਲੇ ਵਿੱਚ ਥਾਣਾ ਕੱਚਾ ਪੱਕਾ ਦੇ ਐੱਸਐੱਚਓ ਐੱਸਆਈ ਕਿਰਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਥਾਣਾ ਵਲਟੋਹਾ ਦੇ ਐੱਸਐੱਚਓ ਐੱਸਆਈ ਬਲਜਿੰਦਰ ਸਿੰਘ ਅਤੇ ਕਥਿਤ ਵਿਚੋਲੇ ਰੋਬਿਨ ਸਿੰਘ ਤੇ ਪੂਰਨ ਸਿੰਘ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।

ਪੁਲਿਸ ਮੁਤਾਬਕ ਇਹ ਮਾਮਲਾ ਗੁਰਮੀਤ ਸਿੰਘ ਉਰਫ਼ ਗੀਤੂ ਨਾਲ ਸਬੰਧਤ ਦੋ ਐਨਡੀਪੀਐੱਸ ਮਾਮਲਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ। ਵਲਟੋਹਾ ਥਾਣੇ ਦੇ ਮਾਮਲੇ ਵਿੱਚ 14 ਕਿਲੋ 110 ਗ੍ਰਾਮ ਅਤੇ ਕੱਚਾ ਪੱਕਾ ਥਾਣੇ ਦੇ ਮਾਮਲੇ ਵਿੱਚ 2 ਕਿਲੋ ਅਫ਼ੀਮ ਬਰਾਮਦ ਹੋਣ ਦਾ ਜ਼ਿਕਰ ਹੈ।

ਦੋਸ਼ਾਂ ਅਨੁਸਾਰ ਬਲਜਿੰਦਰ ਸਿੰਘ ਨੇ ਰੋਬਿਨ ਸਿੰਘ ਰਾਹੀਂ 3 ਲੱਖ ਰੁਪਏ ਲਏ, ਜਦਕਿ ਕਿਰਪਾਲ ਸਿੰਘ ਉੱਤੇ ਪੂਰਨ ਸਿੰਘ ਰਾਹੀਂ 4 ਲੱਖ ਰੁਪਏ ਲੈਣ ਦਾ ਇਲਜ਼ਾਮ ਹੈ। ਦੋਵਾਂ ਵਿਚੋਲਿਆਂ ਉੱਤੇ ਕਥਿਤ ਲੈਣ-ਦੇਣ ਵਿੱਚ ਭੂਮਿਕਾ ਨਿਭਾਉਣ ਦੇ ਦੋਸ਼ ਹਨ।
ਇਸ ਸਬੰਧੀ ਥਾਣਾ ਵਲਟੋਹਾ ਵਿੱਚ 13 ਸਤੰਬਰ 2026 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 255 ਤਹਿਤ ਕਾਰਵਾਈ ਕੀਤੀ ਹੈ।

ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਕਥਿਤ ਰਿਸ਼ਵਤ ਲੈਣ ਅਤੇ ਐਨਡੀਪੀਐੱਸ ਮਾਮਲਿਆਂ ਵਿੱਚ ਨਾਜਾਇਜ਼ ਲਾਭ ਪਹੁੰਚਾਉਣ ਨਾਲ ਜੁੜੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਫਿਲਹਾਲ ਕਿਰਪਾਲ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਹੈ, ਜਦਕਿ ਬਲਜਿੰਦਰ ਸਿੰਘ, ਰੋਬਿਨ ਸਿੰਘ ਅਤੇ ਪੂਰਨ ਸਿੰਘ ਫ਼ਰਾਰ ਦੱਸੇ ਜਾ ਰਹੇ ਹਨ। ਮਾਮਲੇ ਦੀ ਅਗਲੇਰੀ ਜਾਂਚ ਡੀਐੱਸਪੀ ਭਿੱਖੀਵਿੰਡ ਅਤੁਲ ਸੋਨੀ ਵੱਲੋਂ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *