ਚੰਡੀਗੜ੍ਹ, 24 ਸਤੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਉਹ ਵਿਰੋਧੀ ਧਿਰਾਂ ਨੂੰ ਡਰਾਉਣ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਈਡੀ, ਸੀਬੀਆਈ ਵਰਗੀਆਂ ਕੇਂਦਰੀ ਏਜੰਸੀਆਂ ਦਾ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ।
ਚੰਡੀਗੜ੍ਹ ਵਿਖੇ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਦੌਰ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿੱਥੇ ਰਾਜਨੀਤਿਕ ਵਿਰੋਧੀਆਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਇਸ ਹੱਦ ਤੱਕ ਨੰਗੀ ਵਰਤੋਂ ਕੀਤੀ ਜਾ ਰਹੀ ਹੋਵੇ। ਭਾਜਪਾ ਜਨਤਾ ਦੀਆਂ ਵੋਟਾਂ ਨਾਲ ਰਾਜਨੀਤਿਕ ਲੜਾਈ ਜਿੱਤਣ ਵਿੱਚ ਨਾਕਾਮ ਰਹੀ ਹੈ, ਇਸ ਲਈ ਉਹ ਡਰ ਦਾ ਮਾਹੌਲ ਬਣਾ ਕੇ, ਵਿਰੋਧੀ ਪਾਰਟੀਆਂ ਨੂੰ ਤੋੜ ਕੇ ਅਤੇ ਆਗੂਆਂ ‘ਤੇ ਦਬਾਅ ਪਾ ਕੇ ਸੱਤਾ ਹਥਿਆਉਣਾ ਚਾਹੁੰਦੀ ਹੈ।
ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਈਡੀ ਦੀਆਂ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਇਸ ਦਾ ਅਸਲ ਮਕਸਦ ‘ਆਪ’ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਰਾਉਣਾ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਈਡੀ ਦਾ ਛਾਪਾ ਨਹੀਂ ਹੈ, ਸਗੋਂ ਇਹ ‘ਦਿੱਲੀ ਦਾ ਪੰਜਾਬ ‘ਤੇ ਹਮਲਾ’ ਹੈ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਬਾਹਰੀ ਤਾਕਤ ਨੇ ਪੰਜਾਬ ਨੂੰ ਦਬਾਉਣ ਜਾਂ ਝੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬੀਆਂ ਨੇ ਹਮੇਸ਼ਾ ਉਸ ਦਾ ਡਟ ਕੇ ਮੁਕਾਬਲਾ ਕੀਤਾ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਇਹੋ ਫਾਰਮੂਲਾ ਮਹਾਰਾਸ਼ਟਰ, ਦਿੱਲੀ, ਬਿਹਾਰ, ਪੱਛਮੀ ਬੰਗਾਲ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਪਣਾਇਆ ਹੈ, ਜਿੱਥੇ ਏਜੰਸੀਆਂ ਰਾਹੀਂ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਉਹੀ ਖੇਡ ਪੰਜਾਬ ਵਿੱਚ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਭਾਜਪਾ ਇਹ ਭੁੱਲ ਰਹੀ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਨਾ ਹੀ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਅਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਹਨ।
ਭਾਜਪਾ ਦੀ ਹਾਲੀਆ ‘ਨਸ਼ਾ ਮੁਕਤ ਪੰਜਾਬ ਯਾਤਰਾ’ ‘ਤੇ ਤਨਜ਼ ਕੱਸਦਿਆਂ ਧਾਲੀਵਾਲ ਨੇ ਕਿਹਾ ਕਿ ਇਸ ਯਾਤਰਾ ਨੂੰ ਪੰਜਾਬ ਦੇ ਲੋਕਾਂ ਵੱਲੋਂ ਨਕਾਰ ਦਿੱਤੇ ਜਾਣ ਨਾਲ ਭਾਜਪਾ ਦੇ ਦਾਅਵਿਆਂ ਦੀ ਹਵਾ ਨਿਕਲ ਚੁੱਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੋ ਭਾਜਪਾ ਪੰਜਾਬ ਵਿੱਚ ਨਸ਼ਾ ਮੁਕਤੀ ਦੇ ਡਰਾਮੇ ਕਰ ਰਹੀ ਹੈ, ਉਹ ਗੁਜਰਾਤ ਵੱਲ ਧਿਆਨ ਕਿਉਂ ਨਹੀਂ ਦਿੰਦੀ, ਜਿੱਥੇ ਆਏ ਦਿਨ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਫੜੇ ਜਾ ਰਹੇ ਹਨ? ਜੇਕਰ ਭਾਜਪਾ ਸੱਚਮੁੱਚ ਨਸ਼ਾ ਖ਼ਤਮ ਕਰਨ ਲਈ ਗੰਭੀਰ ਹੈ, ਤਾਂ ਉਸ ਨੂੰ ਆਪਣੀ ਇਹ ਯਾਤਰਾ ਗੁਜਰਾਤ ਵਿੱਚ ਕੱਢਣੀ ਚਾਹੀਦੀ ਹੈ।
‘ਆਪ’ ਵਿਧਾਇਕ ਨੇ ਯਾਦ ਕਰਵਾਇਆ ਕਿ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਲਗਾਤਾਰ ਲੋਕ ਭਲਾਈ ਦੀਆਂ ਇਤਿਹਾਸਕ ਯੋਜਨਾਵਾਂ ਲਾਗੂ ਕਰ ਰਹੀ ਹੈ, ਜਿਸ ਕਰਕੇ ਜਨਤਾ ਦਾ ਸਮਰਥਨ ਪਾਰਟੀ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵਰਗੇ ਸਾਡੇ ਸੀਨੀਅਰ ਆਗੂਆਂ ਨੂੰ ਕੇਂਦਰੀ ਏਜੰਸੀਆਂ ਨੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਡੱਕਿਆ, ਪਰ ਪਾਰਟੀ ਦਾ ਇੱਕ ਵੀ ਸਿਪਾਹੀ ਨਾ ਤਾਂ ਝੁਕਿਆ ਅਤੇ ਨਾ ਹੀ ਵਿਕਿਆ।
ਭਾਜਪਾ ਦੀ ਸਿਆਸੀ ਸਥਿਤੀ ‘ਤੇ ਚੋਟ ਕਰਦਿਆਂ ਧਾਲੀਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਮਹਿਜ਼ 2 ਸੀਟਾਂ ‘ਤੇ ਸਮੇਟ ਦਿੱਤਾ ਸੀ। ਭਾਜਪਾ ਨੇਤਾ ਇਹ ਭੁਲੇਖਾ ਕੱਢ ਦੇਣ ਕਿ ਉਹ ਏਜੰਸੀਆਂ ਦੇ ਜ਼ੋਰ ‘ਤੇ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਸਕਦੇ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਕੇਂਦਰ ਦੀ ਇਸ ਧੱਕੇਸ਼ਾਹੀ ਵਿਰੁੱਧ ਆਪਣੀ ਸਿਆਸੀ ਅਤੇ ਕਾਨੂੰਨੀ ਲੜਾਈ ਜਾਰੀ ਰੱਖੇਗੀ। ਈਡੀ ਜਾਂ ਕਿਸੇ ਵੀ ਹੋਰ ਏਜੰਸੀ ਦੇ ਡਰ ਤੋਂ ਬਿਨਾਂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਪੰਜਾਬ ਦੇ ਸੂਝਵਾਨ ਲੋਕ ਭਾਜਪਾ ਦੇ ਇਸ ਹੰਕਾਰ ਦਾ ਜਮਹੂਰੀ ਤਰੀਕੇ ਨਾਲ ਠੋਕਵਾਂ ਜਵਾਬ ਦੇਣਗੇ।
