ED ਦੀ ਛਾਪੇਮਾਰੀ ਖ਼ਿਲਾਫ਼ ‘ਆਪ’ ਦਾ ਮੋਹਾਲੀ ’ਚ ਪ੍ਰਦਰਸ਼ਨ, ਸ਼ੈਰੀ ਕਲਸੀ ਬੋਲੇ- ਦਬਾਅ ਬਣਾਉਣ ਦੀ ਕੋਸ਼ਿਸ਼

ਚੰਡੀਗੜ੍ਹ, 24 ਸਤੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਨੇ ਈਡੀ ਦੀ ਛਾਪੇਮੲਰੀ ਖਿਲਾਫ ਮੋਹਾਲੀ ਵਿਖੇ ਗਮਾਡਾ ਦਫ਼ਤਰ ਦੇ ਬਾਹਰ ਈਡੀ ਦੀਆਂ ਟੀਮਾਂ ਦਾ ਘੇਰਾਓ ਕੀਤਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਆਪ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗੁਵਾਈ ਵਿੱਚ ਹੋਏ ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਆਪ ਵਰਕਰ ਸ਼ਾਮਿਲ ਹੋਏ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਦੌਰ ਚੱਲ ਰਹਾ ਹੈ, ਪਰ ਬੀਜੇਪੀ ਨੇ ਈਡੀ ਦਾ ਦੌਰ ਜ਼ਿਆਦਾ ਵਧਾ ਦਿੱਤਾ ਹੈ, ਕਿਉਂਕਿ ਇਹ ਸਾਨੂੰ ਦਬਾਉਣਾ ਅਤੇ ਸਾਡੇ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਇਹਨਾਂ ਨੂੰ ਲੱਗਦਾ ਹੈ ਕਿ ਇਹ ਜਿੰਨਾ ਪ੍ਰੇਸ਼ਾਨ ਕਰਨਗੇ, ਉਨ੍ਹਾਂ ਸਾਡਾ ਧਿਆਨ ਇਸ ਪਾਸੇ ਆਵੇਗਾ ਅਤੇ ਪ੍ਰਚਾਰ ਤੋਂ ਧਿਆਨ ਘੱਟ ਜਾਵੇਗਾ। ਦਿੱਲੀ ਵਿੱਚ ਵੀ ਇਹਨਾਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹੀ ਕੰਮ ਹੁਣ ਇੱਥੇ ਕਰ ਰਹੇ ਹਨ ਕਿ ਜਿਵੇਂ ਦਿੱਲੀ ‘ਚ ਚੋਣਾਂ ਜਿੱਤੀਆਂ ਸਨ, ਉਵੇਂ ਇੱਥੇ ਵੀ ਜਿੱਤ ਲੈਣਗੇ। ਉਨ੍ਹਾਂ ਕਿਹਾ ਕਿ ਇਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ, ਜੇਕਰ ਪੰਜਾਬ ਵਿੱਚ ਦੁਬਾਰਾ ਸਰਕਾਰ ਬਣ ਗਈ ਤਾਂ ਇਹ ਫਿਰ ਪੂਰੇ ਦੇਸ਼ ਵਿੱਚ ਜਾਣਗੇ ਅਤੇ ਇਹਨਾਂ ਨੂੰ ਆਪਣਾ ਖ਼ਤਰਾ ਮਹਿਸੂਸ ਹੋਵੇਗਾ।

ਕਲਸੀ ਨੇ ਕਿਹਾ ਕਿ ਲੰਬੀ ਛਾਪੇਮਾਰੀ ਅਤੇ ਜਾਂਚ ਦੇ ਬਾਵਜੂਦ ਈਡੀ ਨੂੰ ਹੁਣ ਤੱਕ ਕੁਝ ਵੀ ਹਾਸਲ ਨਹੀਂ ਹੋਇਆ ਹੈ। ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਸੂਬੇ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ-ਜਿਵੇਂ ਪੰਜਾਬ ਵਿੱਚ ਚੋਣਾਂ ਨੇੜੇ ਆ ਰਹੀਆਂ ਹਨ, ਈਡੀ ਦੀ ਸਰਗਰਮੀ ਅਚਾਨਕ ਵਧ ਗਈ ਹੈ।

ਪ੍ਰਦਰਸ਼ਨ ਦੌਰਾਨ ‘ਆਪ’ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਈਡੀ ਦੀ ਇਸ ਕਾਰਵਾਈ ਦਾ ਸਮਾਂ ਅਤੇ ਤਰੀਕਾ ਸਿਰਫ਼ ਸਰਕਾਰੀ ਅਧਿਕਾਰੀਆਂ ਨੂੰ ਡਰਾਉਣ ਅਤੇ ਧਮਕਾਉਣ ਦੀ ਨਾਕਾਮ ਕੋਸ਼ਿਸ਼ ਹੈ। ਚੋਣਾਂ ਤੋਂ ਪਹਿਲਾਂ ਈਡੀ ਦੀ ਇਹ ਲਗਾਤਾਰ ਦਬਿਸ਼ ਪ੍ਰਧਾਨ ਮੰਤਰੀ ਨਰੋਦਰ ਮੋਦੀ ਦੀ ਬੌਖਲਾਹਟ ਦੀ ਨਿਸ਼ਾਨੀ ਹੈ।

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਤੇ ‘ਆਪ’ ਵਰਕਰ ਭਾਜਪਾ ਦੀ ਇਸ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।

By Gurpreet Singh

Leave a Reply

Your email address will not be published. Required fields are marked *