ਥਾਈਲੈਂਡ – ਬੈਂਕਾਕ ‘ਚ ਹੜ੍ਹ, ਰਾਜਧਾਨੀ ਨੂੰ ਆਫ਼ਤ ਪ੍ਰਭਾਵਿਤ ਇਲਾਕਾ ਐਲਾਨਿਆ

ਰਾਜੀਵ ਸ਼ਰਮਾ :- ਭਾਰੀ ਮੀਂਹ ਕਾਰਨ ਵਿਆਪਕ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਤੋਂ ਬਾਅਦ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਨੂੰ ਆਫ਼ਤ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕਰੀਬ 48 ਘੰਟਿਆਂ ਦੌਰਾਨ 300 ਮਿਲੀਮੀਟਰ (12 ਇੰਚ) ਤੱਕ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ।

ਬੈਂਕਾਕ ਦੇ ਗਵਰਨਰ ਚੈਡਚਾਰਟ ਸਿਟੀਪੁੰਟ ਨੇ ਸ਼ਹਿਰ ਨੂੰ ਆਫ਼ਤ ਪ੍ਰਭਾਵਿਤ ਖੇਤਰ ਐਲਾਨਦਿਆਂ ਕਿਹਾ ਕਿ ਮੌਜੂਦਾ ਸਥਿਤੀ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਪੈਦਾ ਕਰ ਰਹੀ ਹੈ ਅਤੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਵੀ ਨੁਕਸਾਨ ਹੋ ਸਕਦਾ ਹੈ। ਸਭ ਤੋਂ ਗੰਭੀਰ ਸਥਿਤੀ ਨਹਿਰਾਂ ਦੇ ਨੇੜਲੇ ਇਲਾਕਿਆਂ ਵਿੱਚ ਦੱਸੀ ਗਈ ਹੈ।

ਭਾਰੀ ਮੀਂਹ ਤੋਂ ਬਾਅਦ ਬੈਂਕਾਕ ਦੀਆਂ ਕਈ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਕਈ ਥਾਵਾਂ ’ਤੇ ਕਾਰਾਂ ਅੱਧੀਆਂ ਪਾਣੀ ਵਿੱਚ ਡੁੱਬੀਆਂ ਨਜ਼ਰ ਆਈਆਂ, ਜਦਕਿ ਲੋਕਾਂ ਨੂੰ ਕਮਰ ਤੱਕ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਹਫ਼ਤੇ ਦੇ ਅਖੀਰ ਤੱਕ ਤੂਫ਼ਾਨੀ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਥਾਈਲੈਂਡ ਦੀ ਫੌਜ ਵੱਲੋਂ ਪ੍ਰਭਾਵਿਤ ਲੋਕਾਂ ਲਈ ਅਸਥਾਈ ਸ਼ੈਲਟਰ ਅਤੇ ਫੀਲਡ ਕਿਚਨ ਸਥਾਪਤ ਕੀਤੇ ਜਾ ਰਹੇ ਹਨ। ਬੈਂਕਾਕ ਮੈਟਰੋਪੋਲੀਟਨ ਪ੍ਰਸ਼ਾਸਨ ਨੇ ਕੁਝ ਸਕੂਲਾਂ ਨੂੰ ਅਸਥਾਈ ਰਿਹਾਇਸ਼ ਵਜੋਂ ਤਿਆਰ ਕੀਤਾ ਹੈ ਅਤੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ।

By Rajeev Sharma

Leave a Reply

Your email address will not be published. Required fields are marked *