ਪੰਜਾਬ ਵਿੱਚੋਂ ਪ੍ਰਣਾਮ ਜਟਾਣਾ ਦੀ ਬ੍ਰਾਜ਼ੀਲ ਵਿੱਚ ਹੋ ਰਹੀਆਂ ਸਕੂਲ ਵਰਲਡ ਗੇਮਸ ਲਈ ਹੋਈ ਚੋਣ

ਗੁਰਪ੍ਰੀਤ ਸਿੰਘ :- ਅਕਸਰ ਵੇਖਿਆ ਜਾਂਦਾ ਹੈ ਕਿ ਖੇਡਾਂ ਨੂੰ ਲੈ ਕੇ ਤਮਾਮ ਸਰਕਾਰਾਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਦੀਆਂ ਹਨ ਪਰ ਕਿਵੇਂ ਲੱਗੇ ਜਦੋਂ ਕੋਈ ਖਿਡਾਰੀ ਖੁਦ ਦੀ ਮਿਹਨਤ ਤੇ ਖੁਦ ਦੇ ਖਰਚੇ ਉਤੇ ਦੇਸ਼ ਦੇ ਲਈ ਮੈਡਲ ਲੈ ਕੇ ਆਵੇ ਅਤੇ ਸਰਕਾਰ ਪਾਸੋਂ ਉਸ ਨੂੰ ਕੋਈ ਵੀ ਮਦਦ ਨਾ ਮਿਲੇ। ਪ੍ਰਣਾਮ ਜਟਾਣਾ ਜੋ ਕਿ ਫਰੀਦਕੋਟ ਦੇ ਪਿੰਡ ਬੁਰਜ ਮਸਤਾ ਦੇ ਰਹਿਣ ਵਾਲੇ ਇੱਕ ਕਿਸਾਨ ਦਾ ਪੁੱਤ ਹੈ। ਪ੍ਰਣਾਮ ਸ਼ੁਰੂ ਤੋਂ ਹੀ ਗਰੀਕੋ ਰੋਮਨ ਕੁਸ਼ਤੀ ਖੇਡਦਾ ਰਿਹਾ ਹੈ ਅਤੇ ਨੈਸ਼ਨਲ ਪੱਧਰ ਉਤੇ ਪੰਜਾਬ ਨੂੰ ਅਨੇਕਾਂ ਮੈਡਲ ਦਵਾ ਚੁੱਕਿਆ ਹੈ।ਜੇਕਰ ਤਾਜ਼ਾ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਹੋਈਆਂ ਏਸ਼ੀਅਨ ਗੇਮਸ ਵਿੱਚ ਵੀ ਪ੍ਰਣਾਮ ਨੇ ਦੇਸ਼ ਨੂੰ ਸਿਲਵਰ ਮੈਡਲ ਦਵਾਇਆ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਰੀਬ ਅੱਠ ਸਾਲਾਂ ਬਾਅਦ ਹੋਣ ਜਾ ਰਹੀ ਸਕੂਲ ਵਰਲਡ ਗੇਮਸ ਵਿੱਚ ਨੌਜਵਾਨ ਪ੍ਰਣਾਮ ਇਕੱਲੇ ਦਾ ਨਾਮ ਪੂਰੇ ਪੰਜਾਬ ਵਿੱਚੋਂ ਸਲੈਕਟ ਹੋਇਆ ਜੋ ਕਿ ਦਸੰਬਰ ਵਿੱਚ ਹੋਣ ਵਾਲੀਆਂ ਇਨ੍ਹਾਂ ਗੇਮਾਂ ਵਿੱਚ ਬ੍ਰਾਜ਼ੀਲ ਜਾਵੇਗਾ ਅਤੇ ਪੰਜਾਬ ਪਾਸੋਂ ਖੇਡਣ ਵਾਲਾ ਇਸ ਵਾਰ ਦਾ ਪਹਿਲਾ ਭਲਵਾਨ ਹੋਵੇਗਾ।

ਜਿੱਥੇ ਉਸ ਦੇ ਸਲੈਕਟ ਹੋਣ ਦੀ ਖੁਸ਼ੀ ਉਸਦਾ ਪਿੰਡ ਮਨਾ ਰਿਹਾ ਹੈ ਉਥੇ ਪਿੰਡ ਵਾਲਿਆਂ ਨੂੰ ਸਰਕਾਰਾਂ ਤੋਂ ਗਿਲਾ ਵੀ ਹੈ ਕਿ ਇੰਨੇ ਹੋਣਹਾਰ ਬੱਚੇ ਦਾ ਹੱਥ ਕਿਉਂ ਨਹੀਂ ਫੜ੍ਹਿਆ ਜਾ ਰਿਹਾ। ਰੋਜ਼ਾਨਾ ਪਿੰਡੋਂ ਆਉਣਾ ਜਾਣਾ ਫਿਰ ਡਾਇਟ ਦਾ ਖਰਚਾ ਅਤੇ ਫਿਰ ਖੁਦ ਹਵਾਈ ਟਿਕਟਾਂ ਲੈ ਕੇ ਦੇਸ਼ ਲਈ ਪੰਜਾਬ ਦੇ ਲਈ ਖੇਡਣ ਜਾਣਾ ਇਹ ਵਾਕਿਆ ਕਾਬਿਲੇ ਤਾਰੀਫ ਹੈ।ਇਸ ਮੌਕੇ ਪ੍ਰਣਾਮ ਦੇ ਮਾਤਾ ਪਿਤਾ ਅਤੇ ਪਿੰਡ ਵਾਲਿਆਂ ਨੇ ਕਿਹਾ ਕਿ ਪ੍ਰਣਾਮ ਨੇ ਉਨ੍ਹਾਂ ਦੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਅਤੇ ਪੰਜਾਬ ਦਾ ਵੀ ਨਾਮ ਚਮਕਾਇਆ ਹੈ ਜਦਕਿ ਦੂਜੇ ਰਾਜਿਆਂ ਵਾਲੇ ਬੱਚੇ ਜਿਹੜੇ ਉਸ ਦੇ ਨਾਲ ਖੇਡਦੇ ਹਨ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਆਉਣ ਜਾਣ ਦੇ ਖਰਚੇ ਤੋਂ ਇਲਾਵਾ ਹੋਰ ਵੀ ਵਿੱਤੀ ਸਹਾਇਤਾ ਦਿੰਦੀ ਹੈ ਜੋ ਕਿ ਪੰਜਾਬ ਵਿੱਚ ਨਹੀਂ ਮਿਲਦੀ।

ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਪ੍ਰਣਾਮ ਵਰਗੇ ਨੌਜਵਾਨਾਂ ਦਾ ਹੱਥ ਫੜ੍ਹੇ ਤਾਂ ਕਿ ਇਨ੍ਹਾਂ ਨੂੰ ਨੌਜਵਾਨਾਂ ਦਾ ਹੌਸਲਾ ਨਾ ਟੁੱਟੇ ਅਤੇ ਇਹ ਨੌਜਵਾਨ ਪੰਜਾਬ ਲਈ ਦੇਸ਼ ਦੇ ਲਈ ਹੋਰ ਵੀ ਜ਼ਿਆਦਾ ਮੈਡਲ ਲੈ ਕੇ ਆ ਸਕਣ।ਉੱਥੇ ਹੀ ਜਦੋਂ ਸਾਡੀ ਟੀਮ ਵੱਲੋਂ ਪ੍ਰਣਾਮ ਜਟਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਨੇਕਾਂ ਮੈਡਲ ਪੰਜਾਬ ਦੇ ਨਾਮ ਕਰ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਦੀ ਸਲੈਕਸ਼ਨ ਵਰਲਡ ਸਕੂਲ ਗੇਮਸ ਲਈ ਹੋਈ ਹੈ ਜੋ ਕਿ ਬ੍ਰਾਜ਼ੀਲ ਵਿੱਚ ਹੋਣ ਜਾ ਰਹੀ ਹੈ। ਉਸ ਨੂੰ ਲੈ ਕੇ ਉਨ੍ਹਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਭਾਰ ਵਰਗ ਵਿੱਚ ਉਹ ਜ਼ਰੂਰ ਦੇਸ਼ ਦਾ ਨਾਮ ਰੋਸ਼ਨ ਕਰਨਗੇ ਅਤੇ ਮੈਡਲ ਜਿੱਤ ਕੇ ਵਾਪਸ ਭਾਰਤ ਆਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਸਦੇ ਹਰ ਹਾਲ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਮਾਪਿਆਂ ਉਤੇ ਸਾਰਾ ਬੋਝ ਨਾ ਪਵੇ ਅਤੇ ਉਹ ਬੇਫਿਕਰ ਹੋ ਕੇ ਆਪਣੇ ਗੇਮ ਖੇਡਦਾ ਹੋਇਆ ਮੈਡਲ ਪੰਜਾਬ ਦੇ ਲਈ ਦੇਸ਼ ਦੇ ਲਈ ਲੈ ਕੇ ਆ ਸਕੇ।

By Gurpreet Singh

Leave a Reply

Your email address will not be published. Required fields are marked *