ਗੁਰਪ੍ਰੀਤ ਸਿੰਘ :- ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਚੱਲ ਰਹੀ ਹਵਾਈ ਸੇਵਾ ਪਿਛਲੇ ਦੋ ਹਫ਼ਤਿਆਂ ਤੋਂ ਪ੍ਰਭਾਵਿਤ ਹੋ ਰਹੀ ਹੈ। ਏਅਰਲਾਈਨ ਵੱਲੋਂ ਪਹਿਲਾਂ ਬੁਕਿੰਗ ਨਾ ਕੀਤੇ ਜਾਣ ਕਾਰਨ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਸਫ਼ਰ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਬਠਿੰਡਾ ਤੋਂ ਦਿੱਲੀ ਅਤੇ ਦਿੱਲੀ ਤੋਂ ਬਠਿੰਡਾ ਲਈ ਹਫ਼ਤੇ ਵਿੱਚ ਪੰਜ ਦਿਨ ਉਡਾਣਾਂ ਨਿਰਧਾਰਤ ਹਨ, ਪਰ ਪਿਛਲੇ ਦੋ ਹਫ਼ਤਿਆਂ ਦੌਰਾਨ ਸਿਰਫ਼ ਦੋ ਦਿਨ ਹੀ ਜਹਾਜ਼ ਉਡਾਣ ਭਰ ਸਕਿਆ। ਤੀਜੇ ਹਫ਼ਤੇ ਵੀ ਇਹ ਸਿਲਸਿਲਾ ਜਾਰੀ ਹੈ।
ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਅਲਾਇੰਸ ਏਅਰ ਵੱਲੋਂ ਇਹ ਹਵਾਈ ਸੇਵਾ ਦਿੱਤੀ ਜਾ ਰਹੀ ਹੈ। ਚੇਤੇ ਰਹੇ ਕਿ ਅਲਾਇੰਸ ਏਅਰ ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਆਮ ਨਾਗਰਿਕ ਉਡਾਣ ਦੀ ਖੇਤਰੀ ਕਨੈਕਟੀਵਿਟੀ ਸਕੀਮ (ਆਰ.ਸੀ.ਐੱਸ.) ਤਹਿਤ ਬਠਿੰਡਾ ਲਈ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਯਾਤਰੀਆਂ ਲਈ ਕਿਰਾਏ ਵੀ ਘੱਟ ਰੱਖੇ ਗਏ ਸਨ। ਬਠਿੰਡਾ ਨੂੰ ਇਸ ਸੇਵਾ ਰਾਹੀਂ ਨਵੀਂ ਦਿੱਲੀ ਨਾਲ ਹਵਾਈ ਸੰਪਰਕ ਨਾਲ ਜੋੜਿਆ ਗਿਆ ਸੀ।
ਗੌਰਤਲਬ ਹੈ ਕਿ ਬਠਿੰਡਾ ਮਾਲਵੇ ਦਾ ਕੇਂਦਰੀ ਸ਼ਹਿਰ ਹੋਣ ਕਾਰਨ ਇਹ ਹਵਾਈ ਸੇਵਾ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਲਈ ਅਹਿਮ ਹੈ। ਬਠਿੰਡਾ ਦੀ ਹਵਾਈ ਕਨੈਕਟੀਵਿਟੀ ਹੋਣ ਕਾਰਨ ਏਮਜ਼ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ, ਇਸ ਤੋਂ ਇਲਾਵਾ ਵਿਸ਼ੇਸ਼ ਦੌਰੇ ’ਤੇ ਆਉਣ ਵਾਲੇ ਡਾਕਟਰ, ਰਿਫਾਇਨਰੀ ਅਤੇ ਸਿਵਲ ਡਿਫ਼ੈਂਸ ਨਾਲ ਸਬੰਧਤ ਅਧਿਕਾਰੀਆਂ ਸਮੇਤ ਵਪਾਰੀ ਵਰਗ ਵੀ ਇਸ ਸੇਵਾ ਦੀ ਵਰਤੋਂ ਕਰਦਾ ਹੈ। ਆਮ ਯਾਤਰੀਆਂ ਲਈ ਵੀ ਇਹ ਦਿੱਲੀ ਆਉਣ-ਜਾਣ ਦਾ ਤੇਜ਼ ਸਾਧਨ ਹੈ। ਲੋਕਾਂ ਦੀ ਮੰਗ ਹੈ ਕਿ ਮਾਲਵੇ ਦੇ ਇਸ ਹਵਾਈ ਅੱਡੇ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਹਵਾਈ ਕਨੈਕਟੀਵਿਟੀ ਰਾਹੀਂ ਜੋੜਿਆ ਜਾਵੇ।
ਉਡਾਣਾਂ ਰੱਦ ਹੋਣ ਬਾਰੇ ਜਦੋਂ ਏਅਰਲਾਈਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਇਸ ਨੂੰ ‘ਤਕਨੀਕੀ ਮਸਲਾ’ ਦੱਸਿਆ। ਹਾਲਾਂਕਿ, ਪਿਛਲੇ ਦੋ ਹਫ਼ਤਿਆਂ ਤੋਂ ਬੁਕਿੰਗ ਨਾ ਹੋਣ ਅਤੇ ਲਗਾਤਾਰ ਉਡਾਣਾਂ ਰੱਦ ਹੋਣ ਦਾ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ।
ਚੇਤੇ ਰਹੇ ਕਿ ‘ਉਡਾਨ’ ਸਕੀਮ ਤਹਿਤ ਚੱਲ ਰਹੀ ਇਸ ਹਵਾਈ ਸੇਵਾ ਦੀ ਮਿਆਦ ਅਕਤੂਬਰ ਮਹੀਨੇ ਦੇ ਅੰਤ ਵਿੱਚ ਖ਼ਤਮ ਹੋਣ ਵਾਲੀ ਹੈ। ਇਸ ਕਾਰਨ ਬਠਿੰਡਾ ਦੀ ਹਵਾਈ ਸੇਵਾ ਦੇ ਭਵਿੱਖ ਨੂੰ ਲੈ ਕੇ ਵੀ ਸਥਿਤੀ ਮਹੱਤਵਪੂਰਨ ਬਣ ਗਈ ਹੈ।
ਬਠਿੰਡਾ ਏਅਰਪੋਰਟ ਦੇ ਡਾਇਰੈਕਟਰ ਕੌਸ਼ਲ ਕੰਬੋਜ ਨੇ ਕਿਹਾ ਕਿ ਉਡਾਣਾਂ ਰੱਦ ਹੋਣ ਦੇ ਕਾਰਨਾਂ ਬਾਰੇ ਵਧੇਰੇ ਜਾਣਕਾਰੀ ਏਅਰਲਾਈਨ ਦੱਸ ਸਕਦੀ ਹੈ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਏਅਰਲਾਈਨ ਦਾ ਨਵਾਂ ਸ਼ਡਿਊਲ ਆ ਗਿਆ ਹੈ ਅਤੇ ਉਡਾਣਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਉਡਾਣ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਯਾਤਰੀਆਂ ਨੂੰ ਮੈਸੇਜ ਰਾਹੀਂ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ।
