ਰਾਜੀਵ ਸ਼ਰਮਾ :- ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿਣ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਕਿਸਮਤ ਰਾਤੋ-ਰਾਤ ਚਮਕ ਗਈ। ਅੰਮ੍ਰਿਤਪਾਲ ਸਿੰਘ ਨੇ ‘ਲੋਟੋ 6/49 ਗੋਲਡ ਬਾਲ ਜੈਕਪਾਟ’ ਦੇ 23 ਸਤੰਬਰ, 2026 ਦੇ ਡਰਾਅ ਵਿੱਚ 32 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 2,16,76,31,360.00) ਦਾ ਵੱਡਾ ਇਨਾਮ ਜਿੱਤਿਆ ਹੈ।
ਅੰਮ੍ਰਿਤਪਾਲ ਨੇ ਇਹ ਇਨਾਮੀ ਟਿਕਟ ਸਰੀ ਦੇ 152 ਸਟ੍ਰੀਟ ਅਤੇ 104 ਐਵੇਨਿਊ ‘ਤੇ ਸਥਿਤ 7-ਇਲੈਵਨ ਸਟੋਰ ਤੋਂ ਖ਼ਰੀਦੀ ਸੀ। ਦਿਨ ਭਰ ਦੇ ਕੰਮਕਾਜ ਤੋਂ ਬਾਅਦ ਉਹ ਆਪਣਾ ਮਨ ਤਾਜ਼ਾ ਕਰਨ ਲਈ ਵ੍ਹਾਈਟ ਰੌਕ ਵੱਲ ਗੱਡੀ ਚਲਾ ਕੇ ਗਿਆ, ਜਿੱਥੇ ਉਸ ਨੇ ‘BCLC Lotto! Mobile app’ ਰਾਹੀਂ ਆਪਣੀ ਟਿਕਟ ਸਕੈਨ ਕਰਕੇ ਚੈੱਕ ਕੀਤੀ। ਸ਼ੁਰੂ ਵਿੱਚ ਅੰਮ੍ਰਿਤਪਾਲ ਨੇ ਇਨਾਮੀ ਰਕਮ ਨੂੰ ਗਲਤੀ ਨਾਲ 32,000 ਡਾਲਰ ਪੜ੍ਹ ਲਿਆ ਸੀ। ਪੂਰੀ ਪੁਸ਼ਟੀ ਕਰਨ ਲਈ ਉਸ ਨੇ ਹੋਰ ਫ਼ੋਨਾਂ ‘ਤੇ ਵੀ ਟਿਕਟ ਚੈੱਕ ਕੀਤੀ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਹ 32,000 ਨਹੀਂ ਬਲਕਿ 32 ਮਿਲੀਅਨ ਡਾਲਰ ਦਾ ਜੈਕਪਾਟ ਹੈ। ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ, “ਮੈਂ ਇਸ ‘ਤੇ ਯਕੀਨ ਹੀ ਨਹੀਂ ਕਰ ਪਾ ਰਿਹਾ ਸੀ! ਮੈਂ ਬਹੁਤ ਖ਼ੁਸ਼ ਹਾਂ ਅਤੇ ਇਹ ਇਨਾਮ ਮੇਰੀ ਜ਼ਿੰਦਗੀ ਬਦਲ ਦੇਵੇਗਾ”।
ਇਸ ਵੱਡੀ ਰਕਮ ਦੀ ਵਰਤੋਂ ਬਾਰੇ ਬੋਲਦਿਆਂ ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਅਜੇ ਫ਼ੈਸਲਾ ਲੈਣ ਲਈ ਸਮਾਂ ਲੈ ਰਿਹਾ ਹੈ, ਪਰ ਉਸ ਦੀ ਯੋਜਨਾ ਆਪਣੇ ਮਾਪਿਆਂ ਅਤੇ ਭੈਣ ਦੀ ਵਿੱਤੀ ਮਦਦ ਕਰਨ, ਇੱਕ ਨਵਾਂ ਘਰ ਖ਼ਰੀਦਣ ਅਤੇ ਕੁਝ ਗੱਡੀਆਂ ਲੈਂਦੇ ਹੋਏ ਆਪਣੀ ਸੁਫ਼ਨਿਆਂ ਦੀ ਕਾਰ ‘ਡੌਜ ਚੈਲੇਂਜਰ’ਖ਼ਰੀਦਣ ਦੀ ਹੈ।
