ਡੈਲਟਾ (ਰਿਚਾ ਵਾਲੀਆ): 2026 ਦੀਆਂ ਸੂਬਾਈ ਚੋਣਾਂ ਵਿੱਚ ਡੈਲਟਾ ਨੌਰਥ ਤੋਂ ਬੀਸੀ ਐੱਨਡੀਪੀ (BC NDP) ਦੇ ਉਮੀਦਵਾਰ ਟੌਡ ਸ਼ੀਅਰਲਿੰਗ ਨੇ ਇੱਕ ਚੋਣ ਮੁਹਿੰਮ ਉਦਘਾਟਨੀ ਸਮਾਗਮ ਕੀਤਾ, ਜਿਸ ਤੋਂ ਤੁਰੰਤ ਬਾਅਦ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਦੀ ਮੁਹਿੰਮ (ਡੋਰ-ਨੌਕਿੰਗ) ਸ਼ੁਰੂ ਕੀਤੀ ਗਈ। ਇਸ ਮੌਕੇ ਪਾਰਟੀ ਨੁਮਾਇੰਦੇ, ਭਾਈਚਾਰਕ ਆਗੂ, ਚੋਣ ਪ੍ਰਚਾਰ ਦੇ ਵਲੰਟੀਅਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ।
ਇਸ ਇਕੱਠ ਵਿੱਚ ਡੈਲਟਾ ਨੌਰਥ ਤੋਂ ਵਿਧਾਇਕ ਤੇ ਸੂਬਾਈ ਮੰਤਰੀ ਰਵੀ ਕਾਹਲੋਂ, ਸਾਬਕਾ ਸੂਬਾਈ ਮੰਤਰੀ ਅਤੇ ਸਰ੍ਹੀ ਤੋਂ ਲੰਮਾ ਸਮਾਂ ਵਿਧਾਇਕ ਰਹੇ ਹੈਰੀ ਬੈਂਸ, ਅਤੇ ਸਾਹਿਬ ਥਿੰਦ (ਜਿਨ੍ਹਾਂ ਦਾ ਨਾਂ ਸਰ੍ਹੀ ਨੌਰਥ ਸਬੰਧੀ ਹੋਣ ਵਾਲੇ ਆਗਾਮੀ ਐਲਾਨ ਨਾਲ ਜੁੜਿਆ ਹੋਇਆ ਹੈ) ਨੇ ਸ਼ਮੂਲੀਅਤ ਕੀਤੀ।



ਤਜਰਬੇਕਾਰ ਅੱਗ ਬੁਝਾਊ ਮੁਲਾਜ਼ਮ (ਫ਼ਾਇਰਫ਼ਾਈਟਰ) ਅਤੇ ਸਮਾਜ ਸੇਵੀ ਟੌਡ ਸ਼ੀਅਰਲਿੰਗ ‘ਬੀਸੀ ਪ੍ਰੋਫ਼ੈਸ਼ਨਲ ਫ਼ਾਇਰ ਫ਼ਾਈਟਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਉਹ ਸਰ੍ਹੀ ਫ਼ਾਇਰ ਸਰਵਿਸ ਵਿੱਚ ਸਪ੍ਰੈਸ਼ਨ ਫ਼ਾਇਰ ਕੈਪਟਨ ਵਜੋਂ ਤਾਇਨਾਤ ਹਨ, ਜਿੱਥੇ ਉਹ ਸਾਲ 1996 ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਭਾਈਚਾਰਕ ਕਾਰਜਾਂ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2001 ਵਿੱਚ ‘ਸਰ੍ਹੀ ਫ਼ਾਇਰਫ਼ਾਈਟਰਜ਼ ਗੁੱਡਵਿਲ ਸੀਨੀਅਰ ਗਰਲਜ਼ ਹਾਈ ਸਕੂਲ ਬਾਸਕਟਬਾਲ ਟੂਰਨਾਮੈਂਟ’ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਰਾਹੀਂ ਹੁਣ ਤੱਕ ਹੋਣਹਾਰ ਵਿਦਿਆਰਥਣ-ਖਿਡਾਰਨਾਂ ਨੂੰ $1,25,000 ਤੋਂ ਵੱਧ ਦੇ ਵਜ਼ੀਫ਼ੇ ਦਿੱਤੇ ਜਾ ਚੁੱਕੇ ਹਨ।
ਸ਼ੀਅਰਲਿੰਗ ਬੀਸੀ ਮਿਉਂਸਪਲ ਪੈਨਸ਼ਨ ਪਲਾਨ, ਬੀਸੀ ਫ਼ੈਡਰੇਸ਼ਨ ਆਫ਼ ਲੇਬਰ ਦੀ ਕਾਰਜਕਾਰੀ ਕੌਂਸਲ ਅਤੇ ਬੀਸੀ ਫ਼ਰਸਟ ਰਿਸਪੌਂਡਰਜ਼ ਮੈਂਟਲ ਹੈਲਥ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫ਼ਾਇਰਫ਼ਾਈਟਰਾਂ ਵਿੱਚ ਕੈਂਸਰ ਦੀ ਖੋਜ ਅਤੇ ਸਮੇਂ ਸਿਰ ਜਾਂਚ ‘ਤੇ ਕੇਂਦਰਿਤ ਕੌਮੀ ਅਕਾਦਮਿਕ ਵਰਕਿੰਗ ਗਰੁੱਪਾਂ ਵਿੱਚ ਵੀ ਸ਼ਾਮਲ ਰਹੇ ਹਨ।
ਇਸ ਚੋਣ ਪ੍ਰਚਾਰ ਪ੍ਰੋਗਰਾਮ ਨੇ ਹਾਜ਼ਰੀਨ ਨੂੰ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਮੁੱਦਿਆਂ, ਆਰਥਿਕ ਵਿਕਾਸ, ਜਨਤਕ ਸੇਵਾਵਾਂ ਅਤੇ ਭਾਈਚਾਰਕ ਤਰਜੀਹਾਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਦਿੱਤਾ।
ਇਸ ਚੋਣ ਇਕੱਠ ਵਿੱਚ ‘ਨੈਸ਼ਨਲ ਟਾਈਮਜ਼’ ਦੇ ਪ੍ਰਤੀਨਿਧ ਵੀ ਮੌਜੂਦ ਸਨ, ਜਿਨ੍ਹਾਂ ਨੇ ਸਮਾਗਮ ਅਤੇ ਰਾਜਸੀ ਤੇ ਸਮਾਜਿਕ ਨੁਮਾਇੰਦਿਆਂ ਦੀ ਸ਼ਮੂਲੀਅਤ ਦੀ ਰਿਪੋਰਟਿੰਗ ਕੀਤੀ।
ਸ਼ੀਅਰਲਿੰਗ ਦੀ ਚੋਣ ਮੁਹਿੰਮ ਡੈਲਟਾ ਨੌਰਥ ਲਈ ਇੱਕ ਮਜ਼ਬੂਤ ਆਰਥਿਕਤਾ ਅਤੇ ਸੂਬੇ ਦੇ ਨਿਰਮਾਣ ‘ਤੇ ਕੇਂਦਰਿਤ ਹੈ। ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਪਰਿਵਾਰਾਂ ਦਾ ਸਮਰਥਨ ਕਰਨਾ, ਜਨਤਕ ਸਹੂਲਤਾਂ ਦੀ ਰਾਖੀ ਕਰਨਾ ਅਤੇ ਸਥਾਨਕ ਵਸਨੀਕਾਂ ਲਈ ਨਵੇਂ ਮੌਕੇ ਪੈਦਾ ਕਰਨਾ ਸ਼ਾਮਲ ਹੈ।
