ਗੁਰਪ੍ਰੀਤ ਸਿੰਘ :- FSSAI ਨੇ ਤਿਉਹਾਰੀ ਸੀਜ਼ਨ ਦੌਰਾਨ ਆਪਣੀ ਕਾਰਵਾਈ ਤੇਜ਼ ਕਰਦੇ ਹੋਏ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਗੁੰਮਰਾਹਕੁੰਨ ਪ੍ਰਮੋਸ਼ਨ ਖ਼ਿਲਾਫ਼ ਦੇਸ਼ ਭਰ ‘ਚ ਕਈ ਥਾਂਈਂ ਸ਼ਿਕੰਜਾ ਹੋਰ ਕੱਸਿਆ ਹੈ। ਇਸੇ ਦੌਰਾਨ ਅਥਾਰਟੀ ਨੇ ਕਈ ਪ੍ਰਮੁੱਖ ਕੰਪਨੀਆਂ ਅਤੇ ਹੋਟਲਾਂ ਖ਼ਿਲਾਫ਼ ਐਕਸ਼ਨ ਲਿਆ ਹੈ।
ਫੂਡ ਰੈਗੂਲੇਟਰ ਨੇ ਦਿੱਲੀ ਦੇ ਮਸ਼ਹੂਰ 5-ਸਟਾਰ ਹੋਟਲ ‘ਰੈਡੀਸਨ ਬਲੂ’ ਦਾ ਸੰਚਾਲਨ ਕਰਨ ਵਾਲੀ ਕੰਪਨੀ AB Hotels ਨੂੰ ਇੰਪਰੂਵਮੈਂਟ ਨੋਟਿਸ ਜਾਰੀ ਕੀਤਾ ਹੈ, ਜਦਕਿ ‘DNV Food Products’ ਦਾ ਲਾਇਸੈਂਸ ਮੁਅੱਤਲ ਅਤੇ ‘Jhanvitanni’ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।
FSSAI ਵੱਲੋਂ ਕੀਤੀ ਗਈ ਜਾਂਚ ਦੌਰਾਨ ਹੋਟਲ ਰੈਡੀਸਨ ਬਲੂ ਦੇ ਕਿਚਨ ‘ਚ ਗੰਭੀਰ ਉਲੰਘਣਾਂਵਾਂ ਦੇਖਣ ਨੂੰ ਮਿਲੀਆਂ ਹਨ। ਜਾਂਚ ਦੌਰਾਨ ਹੋਟਲ ਦੇ ਕਿਚਨ ‘ਚ ਕਾਕਰੋਚ ਅਤੇ ਮੱਖੀਆਂ ਦੀ ਮੌਜੂਦਗੀ ਪਾਈ ਗਈ ਤੇ ਨਾਲ ਹੀ ਕੱਚੇ ਅਤੇ ਪੱਕੇ ਭੋਜਨ, ਸ਼ਾਕਾਹਾਰੀ ਅਤੇ ਮਾਸਾਹਾਰੀ ਚੀਜ਼ਾਂ ਨੂੰ ਵੱਖ-ਵੱਖ ਰੱਖਣ ਦੀ ਵਿਵਸਥਾ ‘ਚ ਕਮੀ ਪਾਈ ਗਈ। ਇਸ ਤੋਂ ਇਲਾਵਾ ਖਰਾਬ ਅਤੇ ਫੰਗਸ ਲੱਗੇ ਫਲ-ਸਬਜ਼ੀਆਂ ਦੀ ਵਰਤੋਂ ਅਤੇ ਖਰੀਦ ਦੇ ਰਿਕਾਰਡ ‘ਚ ਵੀ ਗੜਬੜੀ ਮਿਲੀ, ਜਿਸ ਮਗਰੋਂ FSSAI ਨੇ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ FSSAI ਨੇ ‘Freedom Cooking Rice Bran Oil’ ਬਣਾਉਣ ਵਾਲੀ ਕੰਪਨੀ Gemini Edibles & Fats India Ltd, ਈ-ਕਾਮਰਸ ਪਲੇਟਫਾਰਮ BigBasket ਅਤੇ Flipkart ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਇਸ ਤੇਲ ਦੇ ਪ੍ਰਮੋਸ਼ਨ ਦੌਰਾਨ ਬੈਡ ਕੋਲੇਸਟ੍ਰੋਲ ਘਟਾਉਣ ਅਤੇ 10,000+ PPM Natural Oryzanol ਦੇ ਅਜਿਹੇ ਦਾਅਵੇ ਕੀਤੇ ਜਾ ਰਹੇ ਸਨ ਜੋ ਫੂਡ ਸੇਫਟੀ ਐਡਵਰਟਾਈਜ਼ਿੰਗ ਨਿਯਮਾਂ (2018) ਤਹਿਤ ਪ੍ਰਮਾਣਿਤ ਨਹੀਂ ਹਨ। ਇਸ ਤੋਂ ਇਲਾਵਾ ਜੈਮਿਨੀ ਐਡੀਬਲਜ਼ ਕੋਲ ਆਪਣੀ ਵੈੱਬਸਾਈਟ ਰਾਹੀਂ ਈ-ਕਾਮਰਸ ਸੇਲਜ਼ ਲਈ ਜ਼ਰੂਰੀ ਸੈਂਟਰਲ ਲਾਇਸੈਂਸ ਵੀ ਨਹੀਂ ਪਾਇਆ ਗਿਆ।
ਮੱਛੀ ਪ੍ਰੋਸੈਸਿੰਗ ਅਤੇ ਪਾਪੜ ਨਿਰਮਾਣ ਨਾਲ ਜੁੜੀ ਕੰਪਨੀ DNV Food Products Limited ‘ਚ ਮੱਖੀਆਂ, ਖੜ੍ਹਾ ਪਾਣੀ, ਜਾਲੇ ਅਤੇ ਸਫ਼ਾਈ ਦੀ ਘਾਟ ਦੇ ਚਲਦਿਆਂ ਕੰਪਨੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਪਹਿਲਾਂ ਤੋਂ ਸਸਪੈਂਸ਼ਨ ਝੱਲਣ ਦੇ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਕੰਮ ਜਾਰੀ ਰੱਖਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਕਾਰਨ Jhanvitanni ਦਾ ਲਾਇਸੈਂਸ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।
