ਗੁਰਪ੍ਰੀਤ ਸਿੰਘ :- ਸਕੂਲਾਂ ਵਿੱਚ ਪਏ ਪੁਰਾਣੇ ਕੰਪਿਊਟਰਾਂ, ਲੈਪਟਾਪਾਂ, ਪ੍ਰਿੰਟਰਾਂ, ਬੈਟਰੀਆਂ ਅਤੇ ਹੋਰ ਬੇਕਾਰ ਇਲੈਕਟ੍ਰਾਨਿਕ ਸਾਮਾਨ ਦੇ ਵਿਗਿਆਨਕ ਨਿਪਟਾਰੇ ਨੂੰ ਲੈ ਕੇ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ-6 ਦੇ ਆਖ਼ਰੀ ਦਿਨ ਵੀ ਕਈ ਸਕੂਲਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ। ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਸਕੂਲਾਂ ਨੇ ਆਪਣੇ ਅਦਾਰਿਆਂ ਵਿੱਚ ਪਏ ਈ-ਕੂੜੇ ਦੀ ਪਛਾਣ ਤਾਂ ਕਰ ਲਈ ਹੈ, ਪਰ ਇਸ ਨੂੰ ਅਧਿਕਾਰਤ ਰੀਸਾਈਕਲਰਾਂ ਦੇ ਹਵਾਲੇ ਕਰਨ ਦੀ ਕਾਰਵਾਈ ਪੂਰੀ ਨਹੀਂ ਕੀਤੀ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਸਕੂਲਾਂ ਨੂੰ ਤੁਰੰਤ ਆਪਣਾ ਰਿਕਾਰਡ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹਦਾਇਤਾਂ ਅਨੁਸਾਰ ਜਿਨ੍ਹਾਂ ਸਕੂਲਾਂ ਨੇ ਈ-ਵੇਸਟ ਸਬੰਧੀ ਫਾਰਮ ਭਰਨ ਤੋਂ ਬਾਅਦ ਆਪਣਾ ਇਲੈਕਟ੍ਰਾਨਿਕ ਸਾਮਾਨ ਅਧਿਕਾਰਤ ਰੀਸਾਈਕਲਰਾਂ ਨੂੰ ਸੌਂਪ ਦਿੱਤਾ ਹੈ ਜਾਂ ਜਿਨ੍ਹਾਂ ਨੇ ਨਵੇਂ ਈ-ਕੂੜੇ ਦੀ ਪਛਾਣ ਕੀਤੀ ਹੈ, ਉਹ ਸਕੂਲ ਈਕੋ ਕਲੱਬ ਦੇ ਸਰਕਾਰੀ ਪੋਰਟਲ ’ਤੇ ਲਾਗਇਨ ਕਰਕੇ ਆਪਣਾ ਡਾਟਾ ਤੁਰੰਤ ਅਪਡੇਟ ਕਰਨ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੋਰਟਲ ’ਤੇ ਦਰਜ ਜਾਣਕਾਰੀ ਅਸਲ ਸਥਿਤੀ ਅਨੁਸਾਰ ਹੋਣੀ ਚਾਹੀਦੀ ਹੈ।
ਮੁਹਿੰਮ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸਕੂਲਾਂ ਨੇ ਆਪਣੇ ਕੋਲ ਮੌਜੂਦ ਈ-ਕੂੜੇ ਦੀ ਸੂਚੀ ਤਿਆਰ ਕਰ ਲਈ ਹੈ, ਪਰ ਇਸ ਦੇ ਸੁਰੱਖਿਅਤ ਨਿਪਟਾਰੇ ਲਈ ਅਗਲੀ ਕਾਰਵਾਈ ਨਹੀਂ ਕੀਤੀ। ਸਕੂਲਾਂ ਵਿੱਚ ਪਏ ਪੁਰਾਣੇ ਕੰਪਿਊਟਰ, ਲੈਪਟਾਪ, ਪ੍ਰਿੰਟਰ, ਯੂਪੀਐੱਸ, ਬੈਟਰੀਆਂ, ਟਿਊਬ ਲਾਈਟਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਨੂੰ ਆਮ ਕੂੜੇ ਵਿੱਚ ਸੁੱਟਣ ਦੀ ਬਜਾਏ ਅਧਿਕਾਰਤ ਰੀਸਾਈਕਲਰ ਜਾਂ ਰੀਫਰਬਿਸ਼ਰ ਰਾਹੀਂ ਨਿਯਮਾਂ ਅਨੁਸਾਰ ਨਿਪਟਾਉਣਾ ਜ਼ਰੂਰੀ ਹੈ।
2 ਤੋਂ 31 ਅਕਤੂਬਰ ਤੱਕ ਚੱਲੀ ਵਿਸ਼ੇਸ਼ ਮੁਹਿੰਮ
ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ 2 ਤੋਂ 31 ਅਕਤੂਬਰ ਤੱਕ ਵਿਸ਼ੇਸ਼ ਮੁਹਿੰਮ-6 ਚਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਸਰਕਾਰੀ ਅਦਾਰਿਆਂ ਵਿੱਚ ਪੈਂਡੈਂਸੀ ਘਟਾਉਣ, ਸਫ਼ਾਈ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਨ ਪੱਖੀ ਕਾਰਜਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਇਸੇ ਲੜੀ ਤਹਿਤ 28 ਅਕਤੂਬਰ ਨੂੰ ਦੇਸ਼ ਭਰ ਦੇ ਸਕੂਲਾਂ ਵਿੱਚ ਈ-ਕੂੜਾ ਇਕੱਠਾ ਕਰਨ ਅਤੇ ਇਸ ਦੇ ਜ਼ਿੰਮੇਵਾਰ ਨਿਪਟਾਰੇ ਸਬੰਧੀ ਵਿਸ਼ੇਸ਼ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਅੱਜ ਹੀ ਪੋਰਟਲ ’ਤੇ ਜਾਣਕਾਰੀ ਅਪਡੇਟ ਕਰਨ ਦੀ ਹਦਾਇਤ
ਵਿਸ਼ੇਸ਼ ਮੁਹਿੰਮ-6 ਦੀ ਅੱਜ ਆਖ਼ਰੀ ਮਿਤੀ ਹੋਣ ਕਾਰਨ ਸਕੂਲ ਮੁਖੀਆਂ ਅਤੇ ਈਕੋ ਕਲੱਬ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਪਏ ਈ-ਕੂੜੇ ਦੀ ਸਥਿਤੀ ਦੀ ਸਮੀਖਿਆ ਕਰਕੇ ਪੋਰਟਲ ’ਤੇ ਲੋੜੀਂਦੀ ਜਾਣਕਾਰੀ ਦਰਜ ਕਰਨ। ਜਿਨ੍ਹਾਂ ਸਕੂਲਾਂ ਨੇ ਈ-ਕੂੜਾ ਰੀਸਾਈਕਲਰਾਂ ਨੂੰ ਸੌਂਪ ਦਿੱਤਾ ਹੈ, ਉਹ ਇਸ ਦਾ ਵੇਰਵਾ ਅਪਡੇਟ ਕਰਨ, ਜਦਕਿ ਨਵੇਂ ਪਛਾਣੇ ਗਏ ਈ-ਕੂੜੇ ਨੂੰ ਵੀ ਰਿਕਾਰਡ ਵਿੱਚ ਸ਼ਾਮਲ ਕੀਤਾ ਜਾਵੇ।
ਵਿਭਾਗ ਦੀ ਇਸ ਪਹਿਲ ਦਾ ਮਕਸਦ ਸਿਰਫ਼ ਸਕੂਲਾਂ ਵਿੱਚ ਪਏ ਬੇਕਾਰ ਇਲੈਕਟ੍ਰਾਨਿਕ ਸਾਮਾਨ ਦੀ ਗਿਣਤੀ ਕਰਨਾ ਨਹੀਂ, ਸਗੋਂ ਉਸ ਦਾ ਸੁਰੱਖਿਅਤ ਅਤੇ ਵਿਗਿਆਨਕ ਨਿਪਟਾਰਾ ਯਕੀਨੀ ਬਣਾਉਣਾ ਹੈ। ਇਸ ਨਾਲ ਜਿੱਥੇ ਵਾਤਾਵਰਨ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇਗਾ, ਉੱਥੇ ਹੀ ਵਿਦਿਆਰਥੀਆਂ ਵਿੱਚ ਵੀ ਈ-ਕੂੜੇ ਦੇ ਸਹੀ ਪ੍ਰਬੰਧਨ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ।
