ਗੁਰਪ੍ਰੀਤ ਸਿੰਘ :- ਪੰਜਾਬੀ ਸੰਗੀਤ ਲਈ ਇੱਕ ਹੋਰ ਵੱਡੀ ਅੰਤਰਰਾਸ਼ਟਰੀ ਉਪਲਬਧੀ ਜੁੜਨ ਜਾ ਰਹੀ ਹੈ। ਗਾਇਕ, ਗੀਤਕਾਰ ਅਤੇ ਅਦਾਕਾਰ ਗੁਰੂ ਰੰਧਾਵਾ 7 ਨਵੰਬਰ 2026 ਨੂੰ ਦੁਨੀਆ ਦੇ ਪ੍ਰਮੁੱਖ ਡਾਂਸ ਮਿਊਜ਼ਿਕ ਫੈਸਟੀਵਲਾਂ ਵਿੱਚੋਂ ਇੱਕ ‘ਇਲੈਕਟ੍ਰਿਕ ਡੇਜ਼ੀ ਕਾਰਨੀਵਲ’ (EDC) ਦੇ ਮੇਨ ਸਟੇਜ ’ਤੇ ਪੇਸ਼ਕਾਰੀ ਦੇਣਗੇ। ਉਹ ਇਸ ਮੰਚ ’ਤੇ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਅਤੇ ਪਹਿਲੇ ਪੰਜਾਬੀ ਗਾਇਕ ਬਣਨਗੇ। ਇਹ ਉਨ੍ਹਾਂ ਦੀ ਪਹਿਲੀ ਅੰਤਰਰਾਸ਼ਟਰੀ ਫੈਸਟੀਵਲ ਪੇਸ਼ਕਾਰੀ ਵੀ ਹੋਵੇਗੀ।
ਇਸ ਖ਼ਾਸ ਮੌਕੇ ’ਤੇ ਗੁਰੂ ਰੰਧਾਵਾ ਦੋ ਵਾਰ ਗ੍ਰੈਮੀ ਐਵਾਰਡ ਲਈ ਨਾਮਜ਼ਦ ਹੋ ਚੁੱਕੇ ਮਸ਼ਹੂਰ ਇਲੈਕਟ੍ਰਾਨਿਕ ਡਾਂਸ ਮਿਊਜ਼ਿਕ ਕਲਾਕਾਰ ਸਟੀਵ ਆਓਕੀ ਨਾਲ ਸਟੇਜ ਸਾਂਝਾ ਕਰਨਗੇ। ਦੋਵੇਂ ਕਲਾਕਾਰ ਆਪਣੇ ਸਾਂਝੇ ਗੀਤ ‘ਸਿਰਰਾ’ ਦਾ ਅਧਿਕਾਰਤ ਸਟੀਵ ਆਓਕੀ ਰੀਮਿਕਸ ਪਹਿਲੀ ਵਾਰ ਲਾਈਵ ਪੇਸ਼ ਕਰਨਗੇ। ਇਸ ਰੀਮਿਕਸ ਵਿੱਚ ਪੰਜਾਬੀ ਧੁਨਾਂ ਨੂੰ ਆਓਕੀ ਦੇ ਇਲੈਕਟ੍ਰਾਨਿਕ ਬੀਟਸ ਨਾਲ ਜੋੜਿਆ ਗਿਆ ਹੈ।
‘ਸਿਰਰਾ’ ਗੁਰੂ ਰੰਧਾਵਾ ਦੀ ਐਲਬਮ ‘ਵਿਦਾਊਟ ਪ੍ਰੈਜੂਡਿਸ’ ਦਾ ਹਿੱਸਾ ਹੈ। ਇਸ ਗੀਤ ਨੂੰ ਹੁਣ ਤੱਕ ਵੱਖ-ਵੱਖ ਪਲੇਟਫਾਰਮਾਂ ’ਤੇ 356 ਮਿਲੀਅਨ ਤੋਂ ਵੱਧ ਸਟ੍ਰੀਮਜ਼ ਅਤੇ ਯੂਟਿਊਬ ’ਤੇ ਕੁੱਲ 550 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਦਾ ਰੀਮਿਕਸ ਵਾਰਨਰ ਮਿਊਜ਼ਿਕ ਇੰਡੀਆ ਦੀ ਸਹਾਇਤਾ ਨਾਲ ਸਾਰੇ ਪ੍ਰਮੁੱਖ ਸਟ੍ਰੀਮਿੰਗ ਪਲੇਟਫਾਰਮਾਂ ’ਤੇ ਜਾਰੀ ਕੀਤਾ ਜਾ ਚੁੱਕਾ ਹੈ।
ਗੁਰੂ ਰੰਧਾਵਾ ਇਸ ਤੋਂ ਪਹਿਲਾਂ ਵੀ ਕਈ ਕੌਮਾਂਤਰੀ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਪ੍ਰਮੁੱਖ ਸਹਿਯੋਗਾਂ ਵਿੱਚ ਪਿਟਬੁੱਲ ਨਾਲ ‘ਸਲੋਲੀ ਸਲੋਲੀ’, ਟੀਟੋ ਐਲ ਬੈਮਬਿਨੋ ਨਾਲ ‘ਮੁਵੇ ਲਾ ਸਿੰਤੂਰਾ’, ਫ੍ਰੈਂਚ ਮੋਂਟਾਨਾ ਨਾਲ ‘ਵਾਈਬ’, ਜੇ ਸੀਨ ਨਾਲ ‘ਸੁਰਮਾ ਸੁਰਮਾ’, ਕੇ-ਪੌਪ ਗਰੁੱਪ LE SSERAFIM ਨਾਲ ‘ਬੂਮਪਾਲਾ’, ਦ ਚੇਨਸਮੋਕਰਜ਼ ਨਾਲ ‘ਐਡਿਕਟਿਡ’ ਅਤੇ ਰਿਕ ਰੌਸ ਨਾਲ ‘ਰਿਚ ਲਾਈਫ’ ਸ਼ਾਮਲ ਹਨ।
EDC ਓਰਲੈਂਡੋ ਦਾ ਆਯੋਜਨ ਅਮਰੀਕਾ ਦੇ ਫਲੋਰਿਡਾ ਸਥਿਤ ਇਤਿਹਾਸਕ ਟਿੰਕਰ ਫੀਲਡ ਵਿੱਚ 6 ਤੋਂ 8 ਨਵੰਬਰ ਤੱਕ ਕੀਤਾ ਜਾ ਰਿਹਾ ਹੈ। ਦੁਨੀਆ ਦੇ ਪ੍ਰਮੁੱਖ ਡਾਂਸ ਮਿਊਜ਼ਿਕ ਫੈਸਟੀਵਲਾਂ ਵਿੱਚ ਸ਼ਾਮਲ ਇਸ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਦੇ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ।
