ਗੁਰਪ੍ਰੀਤ ਸਿੰਘ :- ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੂੰ ਵੱਡੀ ਸਫਲਤਾ ਮਿਲੀ ਹੈ। AGTF ਪੰਜਾਬ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਦੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਗੈਂਗਸਟਰ ਗੁਰਵਿੰਦਰ ਉਰਫ਼ ਅਫ਼ਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਉਹ ਡੋਨੀ ਬੱਲ-ਪ੍ਰਭ ਦਾਸੂਵਾਲ ਗੈਂਗ ਦਾ ਇੱਕ ਅਹਿਮ ਸਰਗਨਾ ਦੱਸਿਆ ਜਾ ਰਿਹਾ ਹੈ।
ਵਿਦੇਸ਼ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾਉਣ ਦੇ ਇਲਜ਼ਾਮ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ ‘ਚ ਬੈਠ ਕੇ ਪੰਜਾਬ ‘ਚ ਟਾਰਗੇਟ ਕਿਲਿੰਗ, ਫਿਰੌਤੀ ਨਾਲ ਸਬੰਧਤ ਫਾਇਰਿੰਗ ਦੀਆਂ ਘਟਨਾਵਾਂ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨੂੰ ਕਥਿਤ ਤੌਰ ‘ਤੇ ਅੰਜਾਮ ਦੇਣ ਦੇ ਨਿਰਦੇਸ਼ ਦੇ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਉਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਵਾਲੇ ਲਈ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।
ਕਈ ਦੇਸ਼ਾਂ ‘ਚ ਚਲਾਈ ਗਈ ਭਾਲ ਮੁਹਿੰਮ
ਪੰਜਾਬ ਪੁਲਿਸ ਮੁਤਾਬਕ, ਇਸ ਕਾਰਵਾਈ ਤਹਿਤ ਏਸ਼ੀਆ, ਦੱਖਣੀ ਅਮਰੀਕਾ ਤੇ ਅਫਰੀਕਾ ਦੇ ਕਈ ਦੇਸ਼ਾਂ ‘ਚ ਖੁਫੀਆ ਜਾਣਕਾਰੀ ਇਕੱਠੀ ਕਰਨ, ਨਿਗਰਾਨੀ ਰੱਖਣ ਅਤੇ ਮੁਲਜ਼ਮ ਦੀ ਲੋਕੇਸ਼ਨ ਟ੍ਰੈਕ ਕਰਨ ਦਾ ਕੰਮ ਕੀਤਾ ਗਿਆ। ਇਸ ਪੂਰੀ ਮੁਹਿੰਮ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਸਹਿਯੋਗ ਨਾਲ ਅੰਜਾਮ ਦਿੱਤਾ ਗਿਆ।
ਪੰਜਾਬ ਪੁਲਿਸ ਨੇ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਵਿਦੇਸ਼ ਮੰਤਰਾਲੇ ਤੇ ਹੋਰ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਗੈਂਗਸਟਰ ਨੈੱਟਵਰਕਾਂ ਨੂੰ ਖ਼ਤਮ ਕਰਨ, ਸੰਗਠਿਤ ਅਪਰਾਧਾਂ ਨੂੰ ਰੋਕਣ ਤੇ ਸੂਬੇ ‘ਚ ਅਮਨ-ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।
