ਕੋਹਲੀ ਨੇ ਤੋੜਿਆ ਰਿਕੀ ਪੋਂਟਿੰਗ ਦਾ ਵੱਡਾ ਰਿਕਾਰਡ, ਨਿਊਜ਼ੀਲੈਂਡ ਖ਼ਿਲਾਫ਼ ਵਨਡੇ ‘ਚ ਬਣੇ ਨੰਬਰ-1 ਬੱਲੇਬਾਜ਼

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਪ੍ਰਸ਼ੰਸਕ ਕੋਹਲੀ ਤੋਂ ਆਟੋਗ੍ਰਾਫ ਲੈਣ ਲਈ ਉਨ੍ਹਾਂ ਵੱਲ ਪਲਾਸਟਿਕ ਦੇ ਬੱਲੇ ਸੁੱਟਦੇ ਦਿਖਾਈ ਦੇ ਰਹੇ ਹਨ। ਫੀਲਡਿੰਗ ਦੌਰਾਨ ਪ੍ਰਸ਼ੰਸਕਾਂ ਦੀ ਇਸ ਹਰਕਤ ਤੋਂ ਕੋਹਲੀ ਨਾਖੁਸ਼ ਨਜ਼ਰ ਆਏ। ਉਨ੍ਹਾਂ ਨੇ ਪਲਾਸਟਿਕ ਦਾ ਬੱਲਾ ਚੁੱਕ ਕੇ ਮੈਦਾਨ ਤੋਂ ਬਾਹਰ ਕੀਤਾ ਅਤੇ ਪ੍ਰਸ਼ੰਸਕਾਂ ਵੱਲ ਇਸ਼ਾਰਾ ਕਰਦਿਆਂ ਆਪਣੇ ਗੁੱਸੇ ਦਾ ਪ੍ਰਗਟਾਵਾ ਵੀ ਕੀਤਾ।

ਹਾਲਾਂਕਿ ਦੂਜੇ ਵਨਡੇ ਮੈਚ ਵਿੱਚ ਕੋਹਲੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਹ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਆਪਣੀ ਇਸ ਛੋਟੀ ਜਿਹੀ ਪਾਰੀ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਵੱਡਾ ਰਿਕਾਰਡ ਤੋੜ ਦਿੱਤਾ। ਕੋਹਲੀ ਨੂੰ ਇਹ ਉਪਲਬਧੀ ਹਾਸਲ ਕਰਨ ਲਈ ਸਿਰਫ਼ ਇੱਕ ਦੌੜ ਦੀ ਲੋੜ ਸੀ। ਉਨ੍ਹਾਂ ਨੇ ਪਾਰੀ ਦੀ ਦੂਜੀ ਗੇਂਦ ‘ਤੇ ਚੌਕਾ ਲਗਾ ਕੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ।

ਰਿਕੀ ਪੋਂਟਿੰਗ ਨੇ ਨਿਊਜ਼ੀਲੈਂਡ ਖ਼ਿਲਾਫ਼ 51 ਮੈਚਾਂ ਦੀਆਂ 51 ਪਾਰੀਆਂ ਵਿੱਚ 45.83 ਦੀ ਔਸਤ ਨਾਲ 1,971 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 12 ਅਰਧ ਸੈਂਕੜੇ ਅਤੇ 6 ਸੈਂਕੜੇ ਨਿਕਲੇ। ਦੂਜੇ ਪਾਸੇ ਕੋਹਲੀ ਨੇ ਇਹ ਰਿਕਾਰਡ ਸਿਰਫ਼ 38 ਪਾਰੀਆਂ ਵਿੱਚ ਆਪਣੇ ਨਾਮ ਕਰ ਲਿਆ ਹੈ। ਹੁਣ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਮੈਚਾਂ ਵਿੱਚ ਕੋਹਲੀ ਦੀਆਂ ਕੁੱਲ 1,978 ਦੌੜਾਂ ਹੋ ਗਈਆਂ ਹਨ।
ਭਾਰਤ ਨੇ ਸੀਰੀਜ਼ ਵਿੱਚ ਬਣਾਈ 2-0 ਦੀ ਬੜ੍ਹਤ
ਭਾਰਤੀ ਟੀਮ ਨੇ ਦੂਜੇ ਵਨਡੇ ਮੈਚ ਵਿੱਚ ਡਕਵਰਥ-ਲੁਈਸ-ਸਟਰਨ (DLS) ਨਿਯਮ ਤਹਿਤ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਮੀਂਹ ਕਾਰਨ ਇਹ ਮੁਕਾਬਲਾ 47 ਓਵਰਾਂ ਦਾ ਕਰ ਦਿੱਤਾ ਗਿਆ ਸੀ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ ਨੂੰ ਸਿਰਫ਼ 134 ਦੌੜਾਂ ‘ਤੇ ਸਮੇਟ ਦਿੱਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵੀ ਮੁਸ਼ਕਲ ਵਿੱਚ ਫਸ ਗਈ ਸੀ। ਪਰ ਕੇਐੱਲ ਰਾਹੁਲ ਨੇ ਸੂਝ-ਬੂਝ ਨਾਲ ਬੱਲੇਬਾਜ਼ੀ ਕਰਦਿਆਂ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਹ 26 ਦੌੜਾਂ ਬਣਾ ਕੇ ਨਾਬਾਦ ਪਰਤੇ।

ਭਾਰਤੀ ਪਾਰੀ ਦੇ 26 ਓਵਰ ਪੂਰੇ ਹੋਣ ਤੋਂ ਬਾਅਦ ਮੁੜ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ। DLS ਨਿਯਮ ਮੁਤਾਬਕ ਭਾਰਤੀ ਟੀਮ ਟੀਚੇ ਤੋਂ 4 ਦੌੜਾਂ ਅੱਗੇ ਸੀ। ਇਸ ਲਈ ਭਾਰਤ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।

By Gurpreet Singh

Leave a Reply

Your email address will not be published. Required fields are marked *