Google Maps ‘Ask Maps’ ‘ਚ ਜੁੜੇ ਨਵੇਂ AI ਫੀਚਰ, ਹੁਣ ਤਿਆਰ ਹੋਵੇਗਾ ਤੁਹਾਡਾ ਪੂਰਾ ਟ੍ਰੈਵਲ ਪਲਾਨ

Technology (ਗੁਰਪ੍ਰੀਤ ਸਿੰਘ) : ਟੈਕਨਾਲੋਜੀ ਦੀ ਦੁਨੀਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਹੁਣ ਗੂਗਲ ਮੈਪਸ ਵੀ ਆਪਣੇ ਯੂਜ਼ਰਜ਼ ਦੇ ਸਫ਼ਰ ਨੂੰ ਹੋਰ ਆਸਾਨ ਅਤੇ ਬਿਹਤਰ ਬਣਾਉਣ ਲਈ ਨਵੇਂ AI ਫੀਚਰ ਲੈ ਕੇ ਆਇਆ ਹੈ। Google Maps ਨੇ ਆਪਣੇ ‘Ask Maps’ ਫੀਚਰ ਵਿੱਚ ਨਵੇਂ AI ਟੂਲਸ ਸ਼ਾਮਲ ਕੀਤੇ ਹਨ। ਇਨ੍ਹਾਂ ਦੀ ਮਦਦ ਨਾਲ ਯੂਜ਼ਰਜ਼ ਆਪਣੀ ਪਸੰਦ, ਸਮੇਂ ਅਤੇ ਘੁੰਮਣ ਵਾਲੀਆਂ ਥਾਵਾਂ ਦੇ ਆਧਾਰ ‘ਤੇ ਪੂਰਾ ਟ੍ਰੈਵਲ ਪਲਾਨ ਤਿਆਰ ਕਰ ਸਕਣਗੇ।

ਇਸ ਤੋਂ ਇਲਾਵਾ ਕੰਪਨੀ ਨੇ ‘Immersive Navigation’ ਫੀਚਰ ਵੀ ਪੇਸ਼ ਕੀਤਾ ਹੈ। ਇਸ ਦੀ ਮਦਦ ਨਾਲ ਸੜਕਾਂ, ਆਲੇ-ਦੁਆਲੇ ਦੀਆਂ ਇਮਾਰਤਾਂ, ਫਲਾਈਓਵਰ, ਕਰਾਸਵਾਕ ਅਤੇ ਟ੍ਰੈਫਿਕ ਲਾਈਟਾਂ ਸਮੇਤ ਕਈ ਚੀਜ਼ਾਂ 3D ਵਿੱਚ ਦਿਖਾਈ ਦੇਣਗੀਆਂ। ਇਸ ਫੀਚਰ ਲਈ ਸਟ੍ਰੀਟ ਵਿਊ, ਏਰੀਅਲ ਇਮੇਜਰੀ ਅਤੇ AI ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।

Ask Maps ਨਾਲ ਇੰਝ ਤਿਆਰ ਹੋਵੇਗਾ ਟ੍ਰੈਵਲ ਪਲਾਨ

ਮੰਨ ਲਓ ਤੁਸੀਂ ਆਪਣੇ ਪਰਿਵਾਰ ਨਾਲ ਤਿੰਨ ਦਿਨਾਂ ਲਈ ਕਿਸੇ ਪਹਾੜੀ ਇਲਾਕੇ ਵਿੱਚ ਘੁੰਮਣ ਜਾਣਾ ਚਾਹੁੰਦੇ ਹੋ। ਅਜਿਹੇ ਵਿੱਚ ਤੁਹਾਨੂੰ Ask Maps ਨੂੰ ਆਪਣੀ ਪਸੰਦ, ਸਫ਼ਰ ਦੀ ਮਿਆਦ ਅਤੇ ਉਨ੍ਹਾਂ ਥਾਵਾਂ ਬਾਰੇ ਦੱਸਣਾ ਹੋਵੇਗਾ, ਜਿੱਥੇ ਤੁਸੀਂ ਘੁੰਮਣਾ ਚਾਹੁੰਦੇ ਹੋ। ਇਸ ਤੋਂ ਬਾਅਦ AI ਤੁਹਾਡੇ ਲਈ ਹਰ ਦਿਨ ਦੇ ਹਿਸਾਬ ਨਾਲ ਵੱਖਰਾ ਸ਼ਡਿਊਲ ਤਿਆਰ ਕਰ ਦੇਵੇਗਾ।

ਇਸ ਫੀਚਰ ਦੀਆਂ ਕੁਝ ਖਾਸ ਗੱਲਾਂ ਹਨ:

ਆਪਣੀ ਲੋੜ ਦੱਸੋ: ਤੁਸੀਂ Ask Maps ਨੂੰ ਤਿੰਨ ਦਿਨਾਂ ਦੀ ਰੋਡ ਟ੍ਰਿਪ ਜਾਂ ਕਿਸੇ ਖਾਸ ਜਗ੍ਹਾ ਦੀ ਯਾਤਰਾ ਪਲਾਨ ਕਰਨ ਲਈ ਕਹਿ ਸਕਦੇ ਹੋ।

ਦਿਨ ਦੇ ਹਿਸਾਬ ਨਾਲ ਸ਼ਡਿਊਲ: ਤੁਹਾਨੂੰ ਹਰ ਦਿਨ ਘੁੰਮਣ ਵਾਲੀਆਂ ਥਾਵਾਂ ਅਤੇ ਪੂਰੇ ਸਫ਼ਰ ਦਾ ਵੱਖਰਾ ਪਲਾਨ ਮਿਲੇਗਾ।

ਪਲਾਨ ਸ਼ੇਅਰ ਕਰੋ: ਤਿਆਰ ਕੀਤੇ ਗਏ ਟ੍ਰੈਵਲ ਪਲਾਨ ਨੂੰ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸ਼ੇਅਰ ਵੀ ਕੀਤਾ ਜਾ ਸਕੇਗਾ।

ਸਫ਼ਰ ਦੌਰਾਨ ਬਦਲਾਅ: ਜੇਕਰ ਰਸਤੇ ਵਿੱਚ ਤੁਹਾਨੂੰ ਕੋਈ ਖੂਬਸੂਰਤ ਜਗ੍ਹਾ ਜਾਂ ਲੰਚ ਸਪਾਟ ਮਿਲਦਾ ਹੈ ਤਾਂ ਤੁਸੀਂ Ask Maps ਨੂੰ ਦੱਸ ਕੇ ਆਪਣੇ ਪਲਾਨ ਵਿੱਚ ਉਸ ਨੂੰ ਸ਼ਾਮਲ ਕਰ ਸਕਦੇ ਹੋ।

ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮਿਲੇਗੀ ਅਹਿਮ ਜਾਣਕਾਰੀ

Google Maps ਦੇ ‘Know Before You Go’ ਫੀਚਰ ਰਾਹੀਂ ਯੂਜ਼ਰਜ਼ ਨੂੰ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਰੂਟ ਨਾਲ ਜੁੜੀ ਕਈ ਤਰ੍ਹਾਂ ਦੀ ਜਾਣਕਾਰੀ ਮਿਲ ਸਕੇਗੀ। ਇਸ ਵਿੱਚ ਪਾਰਕਿੰਗ ਦੀ ਉਪਲਬਧਤਾ, ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਵਾਲੇ ਸਟੇਸ਼ਨ, ਮੌਸਮ ਦੀ ਜਾਣਕਾਰੀ ਅਤੇ ਰਸਤੇ ਵਿੱਚ ਟੋਲ ਜਾਂ ਟ੍ਰੈਫਿਕ ਕਾਰਨ ਹੋਣ ਵਾਲੀ ਦੇਰੀ ਬਾਰੇ ਪਤਾ ਲੱਗ ਸਕੇਗਾ।

ਕੁੱਲ ਮਿਲਾ ਕੇ Google Maps ਦੇ ਇਹ ਨਵੇਂ AI ਫੀਚਰ ਯੂਜ਼ਰਜ਼ ਲਈ ਟ੍ਰੈਵਲ ਪਲਾਨਿੰਗ ਅਤੇ ਨੈਵੀਗੇਸ਼ਨ ਨੂੰ ਹੋਰ ਆਸਾਨ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।

By Gurpreet Singh

Leave a Reply

Your email address will not be published. Required fields are marked *