ਲਖਨਊ (ਰਾਜੀਵ ਸ਼ਰਮਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨੂੰ ਮਈ ਮਹੀਨੇ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਅਪੀਲ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੇ ਉਨ੍ਹਾਂ ਦੀ ਗੱਲ ਮੰਨਦਿਆਂ ਸੋਨੇ ਦੀ ਖਰੀਦ ਘਟਾਈ, ਜਿਸ ਕਾਰਨ ਹੁਣ ਲੋਕ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਇਸ ਸਲਾਹ ਨਾਲ ਉਨ੍ਹਾਂ ਦੇ ਪੈਸੇ ਬਚ ਗਏ।
ਲਖਨਊ ਦੇ ਗੋਮਤੀ ਨਗਰ ਸਥਿਤ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਿੱਚ 5ਵੇਂ ਰਾਸ਼ਟਰੀ ਸਕਿੱਲ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਈ ਵਿੱਚ ਕੀਤੀ ਆਪਣੀ ਅਪੀਲ ਨੂੰ ਯਾਦ ਕੀਤਾ। ਉਨ੍ਹਾਂ ਉਸ ਸਮੇਂ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਇੱਕ ਸਾਲ ਤੱਕ ਸੋਨਾ ਨਾ ਖਰੀਦਿਆ ਜਾਵੇ।
ਮੋਦੀ ਨੇ ਆਪਣੀ ਇਸ ਅਪੀਲ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ 1965 ਵਿੱਚ ਕੀਤੀ ਗਈ ਅਪੀਲ ਨਾਲ ਕੀਤੀ। ਉਸ ਸਮੇਂ ਦੇਸ਼ ਵਿੱਚ ਅਨਾਜ ਦੀ ਕਮੀ ਕਾਰਨ ਸ਼ਾਸਤਰੀ ਨੇ ਲੋਕਾਂ ਨੂੰ ਇੱਕ ਸਮੇਂ ਦਾ ਭੋਜਨ ਛੱਡਣ ਦੀ ਅਪੀਲ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਵੇਲੇ ਦੇਸ਼ ਵਾਸੀਆਂ ਨੇ ਸ਼ਾਸਤਰੀ ਦੀ ਗੱਲ ਮੰਨੀ ਸੀ ਅਤੇ ਅੱਜ ਵੀ ਲੋਕਾਂ ਵਿੱਚ ਉਹੀ ਭਾਵਨਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇੱਕ ਆਮ ਵਿਅਕਤੀ ਦੀ ਅਪੀਲ ’ਤੇ ਲੋਕਾਂ ਨੇ ਸੋਨਾ ਖਰੀਦਣਾ ਘਟਾਇਆ ਅਤੇ ਹੁਣ ਉਹ ਉਨ੍ਹਾਂ ਨੂੰ ਦੱਸਦੇ ਹਨ ਕਿ ਸਲਾਹ ਮੰਨਣ ਨਾਲ ਉਨ੍ਹਾਂ ਦੀ ਬਚਤ ਹੋਈ।
ਸੋਨੇ ਦੀਆਂ ਕੀਮਤਾਂ ਵਿੱਚ ਕਿੰਨੀ ਆਈ ਗਿਰਾਵਟ?
ਰਿਪੋਰਟ ਵਿੱਚ ਦਿੱਤੇ ਅੰਕੜਿਆਂ ਮੁਤਾਬਕ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 9 ਮਈ ਨੂੰ 15,250 ਰੁਪਏ ਪ੍ਰਤੀ ਗ੍ਰਾਮ ਸੀ, ਜੋ ਸ਼ਨੀਵਾਰ ਨੂੰ ਘਟ ਕੇ 12,523 ਰੁਪਏ ਪ੍ਰਤੀ ਗ੍ਰਾਮ ਰਹਿ ਗਈ।
ਮੋਦੀ ਨੇ ਮਈ ਵਿੱਚ ਹੈਦਰਾਬਾਦ ਵਿਖੇ ਇੱਕ ਰੈਲੀ ਦੌਰਾਨ ਇਹ ਅਪੀਲ ਕੀਤੀ ਸੀ। ਉਸ ਸਮੇਂ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਸਨ ਅਤੇ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਪੈ ਰਿਹਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸੋਨੇ ਦੀ ਖਰੀਦ ਲਈ ਵੀ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ, ਇਸ ਲਈ ਰਾਸ਼ਟਰੀ ਹਿੱਤ ਵਿੱਚ ਲੋਕ ਇੱਕ ਸਾਲ ਤੱਕ ਗੈਰ-ਜ਼ਰੂਰੀ ਸੋਨੇ ਦੀ ਖਰੀਦ ਤੋਂ ਬਚਣ।
ਉਨ੍ਹਾਂ ਦੀਆਂ ਸੱਤ ਅਪੀਲਾਂ ਵਿੱਚ ਬਾਲਣ ਦੀ ਖਪਤ ਘਟਾਉਣਾ, ਵਰਕ ਫਰੌਮ ਹੋਮ ਨੂੰ ਉਤਸ਼ਾਹਿਤ ਕਰਨਾ ਅਤੇ ਵਿਦੇਸ਼ ਯਾਤਰਾਵਾਂ ਘਟਾਉਣਾ ਵੀ ਸ਼ਾਮਲ ਸੀ। ਸਤੰਬਰ ਵਿੱਚ ਵੀ ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਲੋੜ ਸੋਨਾ ਨਾ ਖਰੀਦਣ ਦੀ ਅਪੀਲ ਦੁਹਰਾਈ ਸੀ।
ਸੋਨੇ ਦੀ ਦਰਾਮਦ ਅਤੇ ਮੰਗ ਵਿੱਚ ਕਮੀ
ਮਈ ਵਿੱਚ ਸਰਕਾਰ ਨੇ ਸੋਨੇ ਅਤੇ ਚਾਂਦੀ ’ਤੇ ਦਰਾਮਦ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਸੀ। ਇਸ ਤੋਂ ਬਾਅਦ ਗਹਿਣਿਆਂ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਅਕਤੂਬਰ ਤੱਕ ਭਾਰਤ ਦੀ ਅਧਿਕਾਰਤ ਸੋਨੇ ਦੀ ਦਰਾਮਦ ਲਗਭਗ 40 ਫੀਸਦੀ ਘਟ ਕੇ 24.78 ਅਰਬ ਡਾਲਰ ਰਹਿ ਗਈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਅੰਕੜਾ 41.24 ਅਰਬ ਡਾਲਰ ਸੀ।
ਵਰਲਡ ਗੋਲਡ ਕੌਂਸਲ ਦੇ ਅੰਕੜਿਆਂ ਮੁਤਾਬਕ ਜੁਲਾਈ ਤੋਂ ਸਤੰਬਰ ਦਰਮਿਆਨ ਸੋਨੇ ਦੀ ਮੰਗ 162 ਟਨ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 29 ਫੀਸਦੀ ਘੱਟ ਸੀ। ਇਸ ਦੌਰਾਨ ਗਹਿਣਿਆਂ ਦੀ ਮੰਗ ਵੀ 20 ਫੀਸਦੀ ਘਟ ਕੇ ਲਗਭਗ 100 ਟਨ ਰਹਿ ਗਈ।
ਮੋਦੀ ਨੇ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਦੀ ਅਪੀਲ ’ਤੇ ਦਿੱਤਾ ਗਿਆ ਹੁੰਗਾਰਾ ਦੇਸ਼ ਦੀ ਸਾਂਝੀ ਤਾਕਤ ਅਤੇ ਰਾਸ਼ਟਰੀ ਹਿੱਤ ਵਿੱਚ ਇਕੱਠੇ ਹੋ ਕੇ ਕੰਮ ਕਰਨ ਦੀ ਭਾਵਨਾ ਨੂੰ ਦਰਸਾਉਂਦਾ ਹੈ।
