ਨਵੀਂ ਦਿੱਲੀ (ਰਾਜੀਵ ਸ਼ਰਮਾ) : ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਉਤਾਰ-ਚੜ੍ਹਾਅ ਨੇ ਆਮ ਖਰੀਦਦਾਰਾਂ ਤੋਂ ਲੈ ਕੇ ਵੱਡੇ ਨਿਵੇਸ਼ਕਾਂ ਤੱਕ ਨੂੰ ਹੈਰਾਨ ਕਰ ਦਿੱਤਾ ਹੈ। ਸਾਲ 2026 ਦੀ ਸ਼ੁਰੂਆਤ ਵਿੱਚ ਰਿਕਾਰਡ ਪੱਧਰ ‘ਤੇ ਪਹੁੰਚਣ ਵਾਲੇ ਸੋਨੇ ਦੀ ਚਮਕ ਹੁਣ ਲਗਾਤਾਰ ਫਿੱਕੀ ਪੈ ਰਹੀ ਹੈ। ਜਨਵਰੀ 2026 ਵਿੱਚ ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1,80,779 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ, ਪਰ ਹੁਣ ਇਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਤਾਜ਼ਾ ਕਾਰੋਬਾਰ ਦੌਰਾਨ MCX ‘ਤੇ ਸੋਨਾ 1,21,949 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਇਸ ਤਰ੍ਹਾਂ ਆਪਣੇ ਰਿਕਾਰਡ ਪੱਧਰ ਤੋਂ ਸੋਨਾ ਲਗਭਗ 59,000 ਰੁਪਏ ਸਸਤਾ ਹੋ ਚੁੱਕਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। ਉੱਥੇ ਸੋਨਾ 3,539 ਡਾਲਰ ਪ੍ਰਤੀ ਔਂਸ ‘ਤੇ ਬੰਦ ਹੋਇਆ, ਜੋ ਇਸ ਦੇ 5,626.80 ਡਾਲਰ ਦੇ ਰਿਕਾਰਡ ਪੱਧਰ ਤੋਂ ਲਗਭਗ 2,087 ਡਾਲਰ ਘੱਟ ਹੈ।
ਸ਼ੁਰੂਆਤ ਵਿੱਚ ਇਸ ਗਿਰਾਵਟ ਦਾ ਕਾਰਨ AI ਬਬਲ ਨੂੰ ਮੰਨਿਆ ਜਾ ਰਿਹਾ ਸੀ, ਪਰ ਬਾਅਦ ਵਿੱਚ ਅਮਰੀਕੀ ਬਾਂਡ ਯੀਲਡ ਵਿੱਚ ਤੇਜ਼ੀ ਨੇ ਸੋਨੇ ਦੀਆਂ ਕੀਮਤਾਂ ‘ਤੇ ਹੋਰ ਦਬਾਅ ਪਾਇਆ। ਬਾਜ਼ਾਰ ਮਾਹਿਰਾਂ ਮੁਤਾਬਕ ਇਸ ਸਮੇਂ ਸੋਨੇ ‘ਤੇ ਮੰਦੀ ਦਾ ਦਬਾਅ ਬਣਿਆ ਹੋਇਆ ਹੈ। ਮਾਹਿਰਾਂ ਨੇ ਇਸ ਵੱਡੀ ਗਿਰਾਵਟ ਪਿੱਛੇ ਤਿੰਨ ਮੁੱਖ ਕਾਰਨ ਦੱਸੇ ਹਨ।
ਸੋਨੇ ਦੀਆਂ ਕੀਮਤਾਂ ਡਿੱਗਣ ਦੇ 3 ਵੱਡੇ ਕਾਰਨ
- ਅਮਰੀਕੀ ਫੈਡਰਲ ਰਿਜ਼ਰਵ ਦਾ ਸਖ਼ਤ ਰੁਖ਼
ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਪਹਿਲਾ ਵੱਡਾ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਦਾ ਸਖ਼ਤ ਰੁਖ਼ ਹੈ। ਬਾਜ਼ਾਰ ਵਿੱਚ ਚਰਚਾ ਹੈ ਕਿ ਫੈਡ ਵਿਆਜ ਦਰਾਂ ਵਿੱਚ 50 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਕੋਟਕ ਨਿਓ ਦੀ ਕਮੋਡਿਟੀ ਰਿਸਰਚ ਏਵੀਪੀ ਕਾਇਨਾਤ ਚੈਨਵਾਲਾ ਮੁਤਾਬਕ ਨਿਵੇਸ਼ਕ ਫੈਡ ਦੇ ਇਸ ਰੁਖ਼ ਨੂੰ ਦੇਖਦਿਆਂ ਆਪਣੀ ਰਣਨੀਤੀ ਬਦਲ ਰਹੇ ਹਨ।
ਸਪਾਟ ਗੋਲਡ ਕੁਝ ਸਮੇਂ ਲਈ 3,515 ਡਾਲਰ ਪ੍ਰਤੀ ਔਂਸ ਤੱਕ ਡਿੱਗ ਗਿਆ ਸੀ, ਜੋ ਸਤੰਬਰ 2025 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਹਾਲਾਂਕਿ ਬਾਅਦ ਵਿੱਚ ਇਸ ਵਿੱਚ ਕੁਝ ਸੁਧਾਰ ਆਇਆ ਅਤੇ ਕੀਮਤ 3,570 ਡਾਲਰ ਦੇ ਨੇੜੇ ਪਹੁੰਚ ਗਈ। ਮਾਹਿਰਾਂ ਮੁਤਾਬਕ ਜੇਕਰ ਮਹਿੰਗਾਈ ਕਾਬੂ ਵਿੱਚ ਨਹੀਂ ਆਉਂਦੀ ਤਾਂ ਦਸੰਬਰ ਤੋਂ ਬਾਅਦ ਵੀ ਵਿਆਜ ਦਰਾਂ ਉੱਚੀਆਂ ਰਹਿ ਸਕਦੀਆਂ ਹਨ।
- ਅਮਰੀਕੀ ਡਾਲਰ ਅਤੇ ਬਾਂਡ ਯੀਲਡ ਵਿੱਚ ਤੇਜ਼ੀ
ਦੂਜਾ ਵੱਡਾ ਕਾਰਨ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਬਾਂਡ ਯੀਲਡ ਵਿੱਚ ਵਾਧਾ ਹੈ। ਵਿਆਜ ਦਰਾਂ ਵਧਣ ਦੀਆਂ ਸੰਭਾਵਨਾਵਾਂ ਕਾਰਨ ਅਮਰੀਕੀ ਡਾਲਰ 19 ਮਹੀਨਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਅਮਰੀਕੀ ਟ੍ਰੇਜ਼ਰੀ ਯੀਲਡ ਵਿੱਚ ਵੀ ਤੇਜ਼ੀ ਆਈ ਹੈ।
ਜਦੋਂ ਡਾਲਰ ਅਤੇ ਬਾਂਡ ਯੀਲਡ ਮਜ਼ਬੂਤ ਹੁੰਦੇ ਹਨ ਤਾਂ ਸੋਨੇ ਅਤੇ ਚਾਂਦੀ ਵਰਗੀਆਂ ਸੰਪਤੀਆਂ ਦਾ ਆਕਰਸ਼ਣ ਘਟ ਜਾਂਦਾ ਹੈ, ਕਿਉਂਕਿ ਇਨ੍ਹਾਂ ਤੋਂ ਕੋਈ ਵਿਆਜ ਨਹੀਂ ਮਿਲਦਾ। ਇਸ ਤੋਂ ਇਲਾਵਾ AI ਨਾਲ ਜੁੜੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਵੀ ਨਿਵੇਸ਼ਕਾਂ ਨੇ ਨਕਦੀ ਜੁਟਾਉਣ ਲਈ ਸੋਨੇ ਦੀ ਵਿਕਰੀ ਕੀਤੀ।
- ਭਾਰਤੀ ਰੁਪਏ ਦੀ ਮਜ਼ਬੂਤੀ
ਤੀਜਾ ਕਾਰਨ ਭਾਰਤੀ ਰੁਪਏ ਦੀ ਮਜ਼ਬੂਤੀ ਹੈ। ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਤੈਅ ਕਰਨ ਵਿੱਚ ਰੁਪਏ ਅਤੇ ਡਾਲਰ ਦੀ ਦਰ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਹਫ਼ਤੇ ਰੁਪਇਆ ਮਜ਼ਬੂਤ ਹੋ ਕੇ ਡਾਲਰ ਦੇ ਮੁਕਾਬਲੇ 92.66 ਦੇ ਪੱਧਰ ‘ਤੇ ਆ ਗਿਆ।
ਐਨਰਿਚ ਮਨੀ ਦੇ ਸੀਈਓ ਪੋਨਮੁਡੀ ਆਰ ਮੁਤਾਬਕ ਰੁਪਏ ਦੀ ਮਜ਼ਬੂਤੀ ਨਾਲ ਸੋਨੇ ਦੀ ਦਰਾਮਦ ਸਸਤੀ ਹੋ ਜਾਂਦੀ ਹੈ। ਇਸ ਹਫ਼ਤੇ USD/INR ਵਿੱਚ ਲਗਭਗ 1.7 ਫ਼ੀਸਦੀ ਦੀ ਗਿਰਾਵਟ ਆਈ, ਜਿਸ ਕਾਰਨ ਕੌਮਾਂਤਰੀ ਬਾਜ਼ਾਰ ਦੇ ਮੁਕਾਬਲੇ ਭਾਰਤ ਵਿੱਚ MCX ‘ਤੇ ਸੋਨੇ ਦੀਆਂ ਕੀਮਤਾਂ ਹੋਰ ਤੇਜ਼ੀ ਨਾਲ ਹੇਠਾਂ ਆਈਆਂ।
ਸੋਨੇ ਲਈ ਕਿਹੜੇ ਪੱਧਰ ਰਹਿਣਗੇ ਅਹਿਮ?
ਕਮੋਡਿਟੀ ਬਾਜ਼ਾਰ ਦੇ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨ ਸੋਨੇ ਲਈ ਕਾਫ਼ੀ ਅਹਿਮ ਰਹਿਣਗੇ। ਰਿਸਰਚ ਵੀਪੀ ਜਤਿਨ ਤ੍ਰਿਵੇਦੀ ਅਨੁਸਾਰ ਕੌਮਾਂਤਰੀ ਬਾਜ਼ਾਰ ਵਿੱਚ 3,500 ਡਾਲਰ ਪ੍ਰਤੀ ਔਂਸ ਦਾ ਪੱਧਰ ਸੋਨੇ ਲਈ ਮਜ਼ਬੂਤ ਸਪੋਰਟ ਹੈ। ਹੁਣ ਬਾਜ਼ਾਰ ਦੀ ਨਜ਼ਰ 9 ਦਸੰਬਰ 2026 ਨੂੰ ਹੋਣ ਵਾਲੀ ਫੈਡ ਦੀ ਨੀਤੀਗਤ ਮੀਟਿੰਗ ‘ਤੇ ਰਹੇਗੀ।
ਜੇਕਰ ਸੋਨਾ 3,500 ਡਾਲਰ ਦੇ ਪੱਧਰ ਤੋਂ ਹੇਠਾਂ ਆਉਂਦਾ ਹੈ ਤਾਂ ਇਸ ਦੀ ਕੀਮਤ 3,300 ਡਾਲਰ ਪ੍ਰਤੀ ਔਂਸ ਤੱਕ ਡਿੱਗ ਸਕਦੀ ਹੈ। ਦੂਜੇ ਪਾਸੇ ਉੱਪਰ ਵੱਲ 3,650 ਤੋਂ 3,700 ਡਾਲਰ ਦੇ ਪੱਧਰ ‘ਤੇ ਰੁਕਾਵਟ ਦੇਖਣ ਨੂੰ ਮਿਲ ਸਕਦੀ ਹੈ।
ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਪੋਨਮੁਡੀ ਆਰ ਮੁਤਾਬਕ ਇਸ ਹਫ਼ਤੇ MCX ਗੋਲਡ ਵਿੱਚ ਲਗਭਗ 11 ਫ਼ੀਸਦੀ ਦੀ ਗਿਰਾਵਟ ਆਈ ਅਤੇ ਇਹ 1,21,749 ਰੁਪਏ ਦੇ ਨੇੜੇ ਬੰਦ ਹੋਇਆ। ਫਿਲਹਾਲ 1,21,700 ਤੋਂ 1,21,000 ਰੁਪਏ ਦਾ ਦਾਇਰਾ ਅਹਿਮ ਸਪੋਰਟ ਮੰਨਿਆ ਜਾ ਰਿਹਾ ਹੈ। ਜੇਕਰ ਕੀਮਤਾਂ ਇਸ ਤੋਂ ਹੇਠਾਂ ਜਾਂਦੀਆਂ ਹਨ ਤਾਂ ਸੋਨਾ 1,18,500 ਤੋਂ 1,17,500 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਸਕਦਾ ਹੈ।
ਕੀਮਤਾਂ ਵਿੱਚ ਮੁੜ ਤੇਜ਼ੀ ਆਉਣ ਲਈ ਸੋਨੇ ਨੂੰ ਪਹਿਲਾਂ 1,26,300 ਤੋਂ 1,27,000 ਰੁਪਏ ਅਤੇ ਇਸ ਤੋਂ ਬਾਅਦ 1,30,000 ਤੋਂ 1,30,700 ਰੁਪਏ ਦੇ ਪੱਧਰ ਪਾਰ ਕਰਨੇ ਪੈਣਗੇ।
ਕੀ ਹੁਣ ਸੋਨਾ ਖਰੀਦਣਾ ਸਹੀ ਰਹੇਗਾ?
ਆਉਣ ਵਾਲਾ ਹਫ਼ਤਾ ਕਮੋਡਿਟੀ ਬਾਜ਼ਾਰ ਲਈ ਅਹਿਮ ਰਹਿਣ ਵਾਲਾ ਹੈ। 23 ਨਵੰਬਰ ਨੂੰ ਅਮਰੀਕਾ ਦੇ ਮੈਨੂਫੈਕਚਰਿੰਗ ਅਤੇ ਸਰਵਿਸਿਜ਼ PMI ਦੇ ਅੰਕੜੇ ਜਾਰੀ ਹੋਣਗੇ। ਇਸ ਤੋਂ ਬਾਅਦ 25 ਨਵੰਬਰ ਨੂੰ ਅਕਤੂਬਰ ਮਹੀਨੇ ਦੇ PCE ਮਹਿੰਗਾਈ ਦੇ ਅੰਕੜੇ ਸਾਹਮਣੇ ਆਉਣਗੇ। ਇਹ ਅੰਕੜੇ ਇਸ ਲਈ ਅਹਿਮ ਹਨ ਕਿਉਂਕਿ ਫੈਡਰਲ ਰਿਜ਼ਰਵ ਮਹਿੰਗਾਈ ਦਾ ਮੁਲਾਂਕਣ ਕਰਨ ਲਈ ਇਨ੍ਹਾਂ ਨੂੰ ਖ਼ਾਸ ਤਵੱਜੋ ਦਿੰਦਾ ਹੈ।
ਵੀਰਵਾਰ ਨੂੰ ਥੈਂਕਸਗਿਵਿੰਗ ਕਾਰਨ ਅਮਰੀਕੀ ਬਾਜ਼ਾਰ ਬੰਦ ਰਹਿਣਗੇ। ਅਜਿਹੇ ਵਿੱਚ ਬਾਜ਼ਾਰ ਵਿੱਚ ਘੱਟ ਕਾਰੋਬਾਰ ਕਾਰਨ ਕੀਮਤਾਂ ਵਿੱਚ ਤੇਜ਼ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।
ਮਾਹਿਰਾਂ ਮੁਤਾਬਕ ਭਾਰਤੀ ਅਤੇ ਕੌਮਾਂਤਰੀ ਦੋਵੇਂ ਬਾਜ਼ਾਰਾਂ ਵਿੱਚ ਸੋਨਾ ਇਸ ਸਮੇਂ ਓਵਰਸੋਲਡ ਜ਼ੋਨ ਵਿੱਚ ਪਹੁੰਚ ਚੁੱਕਾ ਹੈ। ਇਸ ਲਈ ਮੌਜੂਦਾ ਪੱਧਰਾਂ ਤੋਂ ਕੀਮਤਾਂ ਵਿੱਚ ਮੁੜ ਸੁਧਾਰ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜੇਕਰ ਅਮਰੀਕੀ ਫੈਡ ਵਿਆਜ ਦਰਾਂ ਵਿੱਚ 50 ਬੇਸਿਸ ਪੁਆਇੰਟ ਤੋਂ ਘੱਟ ਵਾਧਾ ਕਰਦਾ ਹੈ ਅਤੇ ਮਹਿੰਗਾਈ ਦੇ ਅੰਕੜੇ ਉਮੀਦ ਨਾਲੋਂ ਬਿਹਤਰ ਰਹਿੰਦੇ ਹਨ ਤਾਂ ਸੋਨੇ ਵਿੱਚ ਹੇਠਲੇ ਪੱਧਰਾਂ ‘ਤੇ ਮੁੜ ਖਰੀਦਦਾਰੀ ਵਧ ਸਕਦੀ ਹੈ।
ਹਾਲਾਂਕਿ ਮਾਹਿਰਾਂ ਦੀ ਰਾਏ ਅਤੇ ਬਾਜ਼ਾਰ ਦੇ ਪੱਧਰਾਂ ਨੂੰ ਦੇਖਦਿਆਂ ਨਿਵੇਸ਼ਕਾਂ ਨੂੰ ਖਰੀਦਦਾਰੀ ਦਾ ਫ਼ੈਸਲਾ ਸੋਚ-ਸਮਝ ਕੇ ਕਰਨਾ ਚਾਹੀਦਾ ਹੈ।
