ਗੁਰਪ੍ਰੀਤ ਸਿੰਘ :- ਠੇਕੇਦਾਰੀ ਸਿਸਟਮ ਤੋਂ ਬਾਹਰ ਕੱਢ ਕੇ ਵਿਭਾਗ ਦੇ ਅਧੀਨ ਕੰਟਰੈਕਟ ’ਤੇ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਰੋਡਵੇਜ਼ ਪਨਬਸ ਅਤੇ ਪੀ.ਆਰ.ਟੀ.ਸੀ. (PRTC) ਕੰਟਰੈਕਟ ਵਰਕਰਜ਼ ਯੂਨੀਅਨ ਨੇ 25 ਤੋਂ 27 ਨਵੰਬਰ ਤੱਕ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। 26 ਨਵੰਬਰ ਨੂੰ ਮੋਗਾ ਵਿੱਚ ਹੋਣ ਵਾਲੀ ਸਰਕਾਰ ਦੀ ਰੈਲੀ ਵਿੱਚ ਮੁਲਾਜ਼ਮ ਕਾਲੇ ਝੰਡੇ ਲੈ ਕੇ ਪਹੁੰਚਣਗੇ। ਇਸ ਕਾਰਨ ਜ਼ਿਆਦਾਤਰ ਰੂਟਾਂ ’ਤੇ ਬੱਸ ਸੇਵਾ ਨਹੀਂ ਚੱਲੇਗੀ।
ਯੂਨੀਅਨ ਦੀ ਸੋਮਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਟਰਾਂਸਪੋਰਟ ਸਕੱਤਰ ਅਤੇ ਪੀ.ਆਰ.ਟੀ.ਸੀ. ਤੇ ਪਨਬਸ ਪ੍ਰਬੰਧਨ ਨਾਲ ਮੀਟਿੰਗ ਹੋਈ। ਯੂਨੀਅਨ ਆਗੂ ਹਰਕੇਸ਼ ਵਿੱਕੀ ਨੇ ਦੱਸਿਆ ਕਿ ਸਰਕਾਰ ਵੱਲੋਂ ਕੁਝ ਮੁਲਾਜ਼ਮਾਂ ਨੂੰ ਜੁਆਇਨਿੰਗ ਪੱਤਰ ਦੇ ਕੇ ਵਿਭਾਗ ਵਿੱਚ ਕੰਟਰੈਕਟ ’ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਗਈ।
ਯੂਨੀਅਨ ਨੇ ਇਸ ਤਜਵੀਜ਼ ਨੂੰ ਪ੍ਰਵਾਨ ਨਹੀਂ ਕੀਤਾ। ਯੂਨੀਅਨ ਦੀ ਮੰਗ ਹੈ ਕਿ ਸਾਰੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ਤੋਂ ਬਾਹਰ ਕੱਢ ਕੇ ਵਿਭਾਗ ਵਿੱਚ ਸ਼ਾਮਲ ਕਰਨ ਲਈ ਇੱਕ ਸਮਾਨ ਨੀਤੀ ਬਣਾਈ ਜਾਵੇ ਅਤੇ ਉਸ ਤਹਿਤ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਨਿਯੁਕਤ ਕੀਤਾ ਜਾਵੇ। ਸਿਰਫ਼ ਕੁਝ ਮੁਲਾਜ਼ਮਾਂ ਨੂੰ ਜੁਆਇਨਿੰਗ ਦੇਣ ਨਾਲ ਸਮੱਸਿਆ ਦਾ ਪੱਕਾ ਹੱਲ ਨਹੀਂ ਹੋਵੇਗਾ।
