ਪਤਨੀ ਨੂੰ ਮਨਾਉਣ ਸਹੁਰੇ ਘਰ ਆਏ ਜਵਾਈ ਵੱਲੋਂ ਸੱਸ ਦਾ ਕਤਲ

ਗੁਰਪ੍ਰੀਤ ਸਿੰਘ :- ਹੁਸ਼ਿਆਰਪੁਰ ਤੋਂ ਬੇਹੱਦ ਹੀ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਵਿਖੇ ਮੁਹੱਲਾ ਨਿਊ ਦੀਪ ਨਗਰ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਕਲਯੁਗੀ ਜਵਾਈ ਨੇ ਸਹੁਰੇ ਪਰਿਵਾਰ ਨਾਲ ਹੋਏ ਝਗੜੇ ਦੌਰਾਨ ਤੈਸ਼ ‘ਚ ਆ ਕੇ ਆਪਣੇ ਟੈਂਪੂ ਟਰੈਵਲਰ ਹੇਠਾਂ ਦਰੜ ਕੇ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਭਿਆਨਕ ਹਮਲੇ ਦੌਰਾਨ ਝਗੜਾ ਛੁਡਾਉਣ ਆਏ ਇਕ ਗੁਆਂਢੀ ਦਾ ਪੈਰ ਵੀ ਟੈਂਪੂ ਹੇਠਾਂ ਬੁਰੀ ਤਰ੍ਹਾਂ ਕੁਚਲੇ ਜਾਣ ਕਾਰਨ ਲੱਤ ਨਾਲੋਂ ਵੱਖ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਟੈਂਪੂ ਟਰੈਵਲਰ ਨੂੰ ਰਸਤੇ ’ਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਨੇੜਲੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ ਬਲਜੀਤ ਸਿੰਘ ਬੀਤੇ ਦਿਨ ਆਪਣਾ ਟੈਂਪੂ ਟਰੈਵਲਰ ਲੈ ਕੇ ਆਪਣੇ ਸਹੁਰੇ ਘਰ ਮੁਹੱਲਾ ਨਿਊ ਦੀਪ ਨਗਰ ਵਿਖੇ ਆਇਆ ਸੀ, ਜਿੱਥੇ ਉਸ ਦੀ ਪਤਨੀ ਰਸ਼ਪਾਲ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੀ ਸੀ। ਸਹੁਰੇ ਘਰ ਪਹੁੰਚਦਿਆਂ ਹੀ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਵਿਚਾਲੇ ਹੋਏ ਝਗੜੇ ਦੌਰਾਨ ਬਲਜੀਤ ਸਿੰਘ ਦੀ ਆਪਣੀ ਸੱਸ ਅਤੇ ਸਾਲੇ ਨਾਲ ਕਿਸੇ ਗੱਲੋਂ ਵਿਵਾਦ ਹੋ ਗਿਆ।

ਝਗੜਾ ਵਧਦਾ ਵੇਖ ਕੇ ਗੁਆਂਢ ’ਚ ਰਹਿੰਦੇ ਜਸਵੀਰ ਸਿੰਘ ਨੇ ਬਲਜੀਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੁੱਸੇ ’ਚ ਆਏ ਬਲਜੀਤ ਸਿੰਘ ਨੇ ਆਪਣਾ ਟੈਂਪੂ ਟਰੈਵਲਰ ਸਟਾਰਟ ਕਰ ਕੇ ਸੱਸ ਉੱਪਰ ਚੜ੍ਹਾ ਦਿੱਤਾ, ਜਿਸ ਕਾਰਨ ਬੁਰੀ ਤਰ੍ਹਾਂ ਕੁਚਲੇ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਵਾਰਦਾਤ ਦੌਰਾਨ ਬਚਾਅ ਕਰ ਰਹੇ ਜਸਵੀਰ ਸਿੰਘ ਤੇ ਵੀ ਟੈਂਪੂ ਟਰੈਵਲਰ ਚੜ੍ਹ ਗਿਆ, ਜਿਸ ਕਾਰਨ ਉਸ ਦਾ ਪੈਰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਲੱਤ ਨਾਲੋਂ ਵੱਖ ਹੋ ਗਿਆ। ਜ਼ਖ਼ਮੀ ਜਸਵੀਰ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਇਲਾਜ ਲਈ ਕਿਸੇ ਵੱਡੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਰਹੀਰਾਂ ਦੇ ਇੰਚਾਰਜ ਰਾਜੇਸ਼ ਕੁਮਾਰ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਵਾਹਨ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਮੁਲਜ਼ਮ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *