ਅੰਮ੍ਰਿਤਸਰ-ਜਾਮਨਗਰ ਹਾਈਵੇਅ ਤੇ ਉਤਰੇ ਭਾਰਤੀ ਫ਼ੌਜ ਦੇ ਚਾਰ ਜਹਾਜ਼, ਸੜਕ ਨੂੰ ਬਣਾਇਆ ਹਵਾਈ ਪੱਟੀ

ਗੁਰਪ੍ਰੀਤ ਸਿੰਘ :- ਭਾਰਤੀ ਫ਼ੌਜ ਨੇ ਇੱਕ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਤੱਕ ਅਸੀਂ ਹਵਾਈ ਜਹਾਜ਼ਾਂ ਨੂੰ ਹਵਾਈ ਅੱਡਿਆਂ ਦੀਆਂ ਹਵਾਈ ਪੱਟੀਆਂ ਉੱਤੇ ਉਤਰਦੇ ਅਤੇ ਉੱਥੋਂ ਉਡਾਣ ਭਰਦੇ ਦੇਖਿਆ ਹੈ, ਪਰ ਭਾਰਤੀ ਫ਼ੌਜ ਦੇ ਚਾਰ ਛੋਟੇ ਜਹਾਜ਼ਾਂ ਨੇ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਲਾਂਘੇ ਦੇ ਇੱਕ ਹਿੱਸੇ ਉੱਤੇ ਹੀ ਲੈਂਡਿੰਗ ਕੀਤੀ ਅਤੇ ਮੁੜ ਉੱਥੋਂ ਉਡਾਣ ਭਰੀ।

ਇਹ ਅਭਿਆਸ 24 ਨਵੰਬਰ ਨੂੰ ਗੁਜਰਾਤ ਵਿੱਚ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ 26 ਨਵੰਬਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ।

ਇਸ ਕਾਰਵਾਈ ਨੂੰ ਭਾਰਤੀ ਫ਼ੌਜ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਵਿਚਾਲੇ ਵਧੀਆ ਤਾਲਮੇਲ ਦੀ ਇੱਕ ਵੱਡੀ ਮਿਸਾਲ ਮੰਨਿਆ ਜਾ ਰਿਹਾ ਹੈ। ਇਸ ਨਾਲ ਇਹ ਵੀ ਦਿਖਾਇਆ ਗਿਆ ਹੈ ਕਿ ਲੋੜ ਪੈਣ ‘ਤੇ ਦੇਸ਼ ਦੇ ਕੁਝ ਕੌਮੀ ਹਾਈਵੇਅ ਛੋਟੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਲਈ ਵੀ ਵਰਤੇ ਜਾ ਸਕਦੇ ਹਨ।

ਦੋ ਮਾਈਕ੍ਰੋਲਾਈਟ ਜਹਾਜ਼ ਅਤੇ ਦੋ ਪਾਵਰਡ ਹੈਂਗ ਗਲਾਈਡਰ
ਇਸ ਅਭਿਆਸ ਵਿੱਚ ਭਾਰਤੀ ਫ਼ੌਜ ਦੀ ਟੀਮ ‘ਮਾਊਂਟੇਨ ਈਗਲਜ਼’ ਦੇ ਚਾਰ ਹਵਾਈ ਯਾਨ ਸ਼ਾਮਲ ਸਨ। ਇਨ੍ਹਾਂ ਵਿੱਚ ਦੋ ਛੋਟੇ ਫਿਕਸਡ ਵਿੰਗ ਮਾਈਕ੍ਰੋਲਾਈਟ ਜਹਾਜ਼ ਅਤੇ ਦੋ ਇੰਜਣ ਨਾਲ ਚੱਲਣ ਵਾਲੇ ਹੈਂਗ ਗਲਾਈਡਰ ਸਨ। ਇਹ ਸਾਰੇ ਹਵਾਈ ਯਾਨ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਨਾਮ ਦੀ ਮੁਹਿੰਮ ਦਾ ਹਿੱਸਾ ਹਨ।

ਇਹ ਚਾਰੇ ਹਵਾਈ ਜਹਾਜ਼ ਗੁਜਰਾਤ ਦੇ ਕਾਂਡਲਾ ਹਵਾਈ ਅੱਡੇ ਤੋਂ ਉੱਡੇ ਅਤੇ ਪਾਟਨ ਜ਼ਿਲ੍ਹੇ ਦੀ ਸਾਂਤਲਪੁਰ ਤਹਿਸੀਲ ਵਿੱਚ ਬਕੁਤਰਾ ਟੋਲ ਪਲਾਜ਼ਾ ਦੇ ਨੇੜੇ ਅੰਮ੍ਰਿਤਸਰ-ਜਾਮਨਗਰ ਹਾਈਵੇਅ ਉੱਤੇ ਉਤਰੇ। ਇਸ ਤੋਂ ਬਾਅਦ ਇਨ੍ਹਾਂ ਜਹਾਜ਼ਾਂ ਨੇ ਉਸੇ ਹਾਈਵੇਅ ਤੋਂ ਮੁੜ ਉਡਾਣ ਭਰੀ। ਇਹ ਕਾਰਵਾਈ ਹਾਈਵੇਅ ਦੇ ਕਿਲੋਮੀਟਰ 946 ਤੋਂ 949 ਵਿਚਾਲੇ ਲਗਭਗ ਤਿੰਨ ਕਿਲੋਮੀਟਰ ਦੇ ਹਿੱਸੇ ਵਿੱਚ ਕੀਤੀ ਗਈ।

ਪਹਿਲੀ ਵਾਰ ਚਾਰ ਜਹਾਜ਼ਾਂ ਦੀ ਲੈਂਡਿੰਗ ਅਤੇ ਰਿਫਿਊਲਿੰਗ
ਇਸ ਅਭਿਆਸ ਦੀ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਚਾਰ ਹਵਾਈ ਯਾਨਾਂ ਦੇ ਸਮੂਹ ਨੇ ਇੱਕ ਕੌਮੀ ਹਾਈਵੇਅ ਉੱਤੇ ਸਫ਼ਲਤਾਪੂਰਵਕ ਲੈਂਡਿੰਗ ਕਰਨ ਦੇ ਨਾਲ ਉੱਥੇ ਹੀ ਤੇਲ ਭਰਨ ਦੀ ਕਾਰਵਾਈ ਵੀ ਕੀਤੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਨੁਸਾਰ, ਚਾਰ ਜਹਾਜ਼ਾਂ ਦੇ ਸਮੂਹ ਵੱਲੋਂ ਕਿਸੇ ਕੌਮੀ ਹਾਈਵੇਅ ਉੱਤੇ ਲੈਂਡਿੰਗ ਅਤੇ ਰਿਫਿਊਲਿੰਗ ਕਰਨ ਦੀ ਇਹ ਪਹਿਲੀ ਸਫ਼ਲ ਕਾਰਵਾਈ ਸੀ।

ਇਸ ਲਈ ਇਹ ਅਭਿਆਸ ਸਿਰਫ਼ ਇੱਕ ਦਿਖਾਵਾ ਨਹੀਂ ਸੀ, ਸਗੋਂ ਇਸ ਰਾਹੀਂ ਇਹ ਵੀ ਪਰਖਿਆ ਗਿਆ ਕਿ ਲੋੜ ਪੈਣ ‘ਤੇ ਹਾਈਵੇਅ ਨੂੰ ਛੋਟੇ ਜਹਾਜ਼ਾਂ ਲਈ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ।

ਹਾਈਵੇਅ ਨੂੰ ਹਵਾਈ ਪੱਟੀ ਬਣਾਉਣ ਲਈ ਕੀਤੇ ਗਏ ਸਨ ਖ਼ਾਸ ਪ੍ਰਬੰਧ
ਇਸ ਪੂਰੇ ਅਭਿਆਸ ਨੂੰ ਸਫ਼ਲ ਬਣਾਉਣ ਲਈ ਭਾਰਤੀ ਫ਼ੌਜ ਦੇ ਨਾਲ NHAI, ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਮਿਲ ਕੇ ਕੰਮ ਕੀਤਾ। ਜਹਾਜ਼ਾਂ ਦੀ ਲੈਂਡਿੰਗ ਤੋਂ ਪਹਿਲਾਂ ਹਾਈਵੇਅ ਦੇ ਚੁਣੇ ਹੋਏ ਹਿੱਸੇ ਦੀ ਜਾਂਚ ਕੀਤੀ ਗਈ। ਇਹ ਯਕੀਨੀ ਬਣਾਇਆ ਗਿਆ ਕਿ ਸੜਕ ਦੀ ਸਤ੍ਹਾ, ਚੌੜਾਈ ਅਤੇ ਹੋਰ ਹਾਲਾਤ ਛੋਟੇ ਜਹਾਜ਼ਾਂ ਦੇ ਉਤਰਨ ਅਤੇ ਉਡਾਣ ਭਰਨ ਲਈ ਠੀਕ ਹਨ।

ਇਸ ਦੌਰਾਨ ਆਮ ਵਾਹਨਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਹੋਰ ਰਸਤਿਆਂ ਵੱਲ ਮੋੜਿਆ ਗਿਆ। NHAI ਦੇ ਕਰਮਚਾਰੀਆਂ ਨੇ ਸੜਕ ਨੂੰ ਆਵਾਜਾਈ ਤੋਂ ਖ਼ਾਲੀ ਕਰਵਾਇਆ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ। ਜਹਾਜ਼ਾਂ ਦੇ ਉਤਰਨ ਤੋਂ ਬਾਅਦ ਫ਼ੌਜ ਦੀਆਂ ਸਹਾਇਕ ਟੀਮਾਂ ਨੇ ਮੌਕੇ ‘ਤੇ ਹੀ ਤੇਲ ਭਰਨ ਅਤੇ ਜਹਾਜ਼ਾਂ ਨੂੰ ਮੁੜ ਉਡਾਣ ਲਈ ਤਿਆਰ ਕਰਨ ਦੀ ਕਾਰਵਾਈ ਕੀਤੀ। ਅਭਿਆਸ ਪੂਰਾ ਹੋਣ ਤੋਂ ਬਾਅਦ ਸੜਕ ਨੂੰ ਮੁੜ ਆਮ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।

ਨਿਤਿਨ ਗਡਕਰੀ ਨੇ ਕੀਤੀ ਫ਼ੌਜ ਅਤੇ NHAI ਦੀ ਸ਼ਲਾਘਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਫ਼ਲ ਅਭਿਆਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਦੀ ‘ਟੀਮ ਮਾਊਂਟੇਨ ਈਗਲਜ਼’ ਅਤੇ NHAI ਵਿਚਾਲੇ ਸ਼ਾਨਦਾਰ ਤਾਲਮੇਲ ਸਦਕਾ ਇਹ ਇਤਿਹਾਸਕ ਕਾਰਵਾਈ ਸਫ਼ਲ ਹੋ ਸਕੀ। ਉਨ੍ਹਾਂ ਅਨੁਸਾਰ, ਅੱਜ ਦੇ ਸਮੇਂ ਵਿੱਚ ਕੌਮੀ ਹਾਈਵੇਅ ਸਿਰਫ਼ ਆਵਾਜਾਈ ਦਾ ਸਾਧਨ ਨਹੀਂ ਰਹੇ, ਸਗੋਂ ਲੋੜ ਪੈਣ ‘ਤੇ ਇਹ ਦੇਸ਼ ਦੀ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਲਈ ਵੀ ਕੰਮ ਆ ਸਕਦੇ ਹਨ।

ਗਡਕਰੀ ਨੇ ਇਹ ਵੀ ਕਿਹਾ ਕਿ ਜਿੱਥੇ ਸੰਭਵ ਹੋਵੇ ਅਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਮੌਜੂਦ ਹੋਣ, ਉੱਥੇ ਹਾਈਵੇਅ ਦੀ ਵਰਤੋਂ ਹਵਾਈ ਸਾਹਸੀ ਖੇਡਾਂ ਅਤੇ ਸੈਰ-ਸਪਾਟੇ ਵਰਗੀਆਂ ਗਤੀਵਿਧੀਆਂ ਲਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਭਾਰਤੀ ਫ਼ੌਜ ਦੀ ਟੀਮ, NHAI ਅਤੇ ਇਸ ਅਭਿਆਸ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਵਧਾਈ ਦਿੱਤੀ।

ਕੀ ਹੁੰਦੀ ਹੈ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’?
ਇਹ ਭਾਰਤੀ ਫ਼ੌਜ ਵੱਲੋਂ ਕਰਵਾਈ ਜਾ ਰਹੀ ਇੱਕ ਵਿਸ਼ੇਸ਼ ਹਵਾਈ ਮੁਹਿੰਮ ਹੈ। ਇਸ ਦਾ ਪ੍ਰਬੰਧ ਮੱਧ ਪ੍ਰਦੇਸ਼ ਦੇ ਮਹੂ ਵਿਖੇ ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਆਰਮੀ ਐਡਵੈਂਚਰ ਨੋਡਲ ਸੈਂਟਰ ਵੱਲੋਂ ਕੀਤਾ ਗਿਆ ਹੈ। ਇਸ ਮੁਹਿੰਮ ਵਿੱਚ ਫ਼ੌਜ ਦੀ ‘ਟੀਮ ਮਾਊਂਟੇਨ ਈਗਲਜ਼’ ਹਿੱਸਾ ਲੈ ਰਹੀ ਹੈ।

ਇਸ ਮੁਹਿੰਮ ਦੀ ਸ਼ੁਰੂਆਤ 14 ਨਵੰਬਰ 2026 ਨੂੰ ਹੋਈ ਸੀ ਅਤੇ ਇਸ ਦਾ ਸਮਾਪਤੀ ਸਮਾਗਮ 28 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਖੇ ਹੋਣਾ ਹੈ। ਇਸ ਦੌਰਾਨ ਟੀਮ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚੋਂ ਲੰਘ ਰਹੀ ਹੈ। ਇਸ ਦਾ ਮਕਸਦ ਹਵਾਈ ਸਾਹਸੀ ਗਤੀਵਿਧੀਆਂ ਦੇ ਨਾਲ ਫ਼ੌਜ ਦੇ ਜਵਾਨਾਂ ਦੀ ਹਵਾਈ ਸਮਰੱਥਾ ਅਤੇ ਤਕਨੀਕੀ ਹੁਨਰ ਨੂੰ ਵੀ ਪ੍ਰਦਰਸ਼ਿਤ ਕਰਨਾ ਹੈ।

By Gurpreet Singh

Leave a Reply

Your email address will not be published. Required fields are marked *