ਮੇਲੇ ‘ਚ ਹੋਈ ਨਿੱਕੀ ਜਿਹੀ ਗੱਲ ‘ਤੇ ਹੋ ਗਿਆ ਵੱਡਾ ਕਾਂਡ, 23 ਸਾਲਾ ਮੁੰਡੇ ਦਾ ਸ਼ਰੇਆਮ ਕਤਲ

ਬੰਗਾ : ਬਲਾਕ ਦੇ ਪਿੰਡ ਭੋਰਾ ਵਿਖੇ ਬੀਤੀ ਦੇਰ ਸ਼ਾਮ ਪਿੰਡ ਦੇ ਹੀ ਧਾਰਮਿਕ ਸਥਾਨ ‘ਤੇ ਚੱਲ ਰਹੇ ਮੇਲੇ ਦੇ ਅਖੀਰਲੇ ਦਿਨ ਪਿੰਡ ਦੇ ਹੀ ਇਕ 23 ਸਾਲਾ ਨੌਜਵਾਨ ਨਾਲ ਹੋਈ ਮਾਮੂਲੀ ਤਕਰਾਰ ਤੋਂ ਬਾਅਦ 4-5 ਵਿਅਕਤੀਆਂ ਵੱਲੋਂ ਉਕਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਦਿੱਤਾ ਗਿਆ। ਮ੍ਰਿਤਕ ਅਰਸ਼ਵੀਰ ਸਿੰਘ ਦੇ ਪਿਤਾ ਗੁਰਬਚਨ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਭੋਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੋਰਾ ਵਿਖੇ ਗੁੱਗਾ ਜਾਹਰ ਪੀਰ ਦੇ ਬਣੇ ਧਾਰਮਿਕ ਸਥਾਨ ‘ਤੇ ਮੇਲਾ ਚੱਲ ਰਿਹਾ ਸੀ ਅਤੇ ਉਸਦਾ ਬੇਟਾ ਅਰਸ਼ਵੀਰ ਸਿੰਘ ਸਵੇਰ ਤੋਂ ਹੀ ਉੱਥੇ ਸੇਵਾ ਕਰ ਰਿਹਾ ਸੀ ਅਤੇ ਉਹ ਵੀ ਆਪਣੇ ਇਕ ਕਰੀਬੀ ਨਾਲ ਉਕਤ ਮੇਲਾ ਵੇਖਣ ਗਿਆ ਹੋਇਆ ਸੀ। 

ਉਨ੍ਹਾਂ ਦੱਸਿਆ ਕਿ ਸੁੱਜੋ ਨਿਵਾਸੀ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਜਗਤਾਰ ਸਿੰਘ ਆਪਣੇ 2-3 ਹੋਰ ਨਾ ਮਾਲੂਮ ਸਾਥੀਆਂ ਨਾਲ ਮੇਲੇ ਵਿਚ ਬੇਵਜ੍ਹਾ ਗੇੜੀਆਂ ਮਾਰ ਰਹੇ ਸਨ, ਜਿਨ੍ਹਾਂ ਨੂੰ ਅਰਸ਼ਵੀਰ ਸਿੰਘ ਨੇ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਅਰਸ਼ਵੀਰ ਦੇਰ ਸ਼ਾਮ ਸੇਵਾ ਕਰਨ ਉਪੰਰਤ ਘਰ ਵਾਪਸ ਜਾ ਰਿਹਾ ਸੀ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਵੀ ਉਕਤ ਸਾਰੇ ਜਣੇ ਉਸਦੀ ਕੁੱਟਮਾਰ ਕਰਦੇ ਰਹੇ। 

ਉਨ੍ਹਾਂ ਦੱਸਿਆ ਕਿ ਉਹ ਵੀ ਅਰਸ਼ਵੀਰ ਸਿੰਘ ਨੂੰ ਬਚਾਉਣ ਲਈ ਮੌਕੇ ‘ਤੇ ਪੁੱਜੇ ਪਰ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਉਕਤ ਸਾਰੇ ਹਮਲਾਵਰ ਆਪਣੇ ਵਾਹਨਾਂ ‘ਤੇ ਹਥਿਆਰਾਂ ਸਮੇਤ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨਾਂ ਵੱਲੋਂ ਲੋਕਾਂ ਦੀ ਮਦਦ ਨਾਲ ਅਰਸ਼ਵੀਰ ਸਿੰਘ ਨੂੰ ਸਿਵਲ ਹਸਪਤਾਲ ਬੰਗਾ ਲਿਆਂਦਾ ਗਿਆ ਜਿੱਥੇ ਡਾਕਟਰ ਵੱਲੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ ਜਿਸ ਤੋਂ ਬਾਅਦ ਉਹ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਲੈ ਗਏ, ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਬਚਨ ਸਿੰਘ ਵੱਲੋਂ ਦਿੱਤੇ ਬਿਆਨਾਂ ‘ਤੇ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਜਗਤਾਰ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

By Gurpreet Singh

Leave a Reply

Your email address will not be published. Required fields are marked *