ਲੁਧਿਆਣਾ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਕ ਬੜੀ ਖੁਸ਼ੀ ਭਰੀ ਖ਼ਬਰ ਹੈ ਕਿਉਂਕਿ ਹੁਣ ਉਹ ਵੀ ਕਾਨਵੈਂਟ ਸਕੂਲਾਂ ਦੀ ਤਰਜ਼ ’ਤੇ ਫਰਾਟੇਦਾਰ ਅੰਗਰੇਜ਼ੀ ਬੋਲ ਸਕਣਗੇ। ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਵਿਦਿਆਰਥੀਆਂ ਦੇ ਕਮਿਊਨੀਕੇਸ਼ਨ ਸਕਿੱਲਸ ਨੂੰ ਨਿਖਾਰਨ ਲਈ ਸੈਸ਼ਨ 2026-27 ਦੌਰਾਨ ‘ਇੰਗਲਿਸ਼ ਸਰਕਲਸ’ ਪ੍ਰਾਜੈਕਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਸ ਮਹੱਤਵਪੂਰਨ ਪ੍ਰਾਜੈਕਟ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਮਨ ’ਚੋਂ ਅੰਗਰੇਜ਼ੀ ਬੋਲਣ ਦਾ ਡਰ ਅਤੇ ਝਿਜਕ ਦੂਰ ਕਰਨਾ ਹੈ। ਵਿਭਾਗ ਦਾ ਮੰਨਣਾ ਹੈ ਕਿ ਇਸ ਪਹਿਲ ਨਾਲ ਨਾ ਸਿਰਫ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧੇਗਾ, ਸਗੋਂ ਉਨ੍ਹਾਂ ਦਾ ਸਮਾਜਿਕ ਸੰਪਰਕ ਵੀ ਬਿਹਤਰ ਹੋਵੇਗਾ।
ਇਸ ਪ੍ਰਾਜੈਕਟ ‘ਚ 6ਵੀਂ ਤੋਂ 12ਵੀਂ ਕਲਾਸ ਦੇ ਇੱਛੁਕ ਵਿਦਿਆਰਥੀ ਹਿੱਸਾ ਲੈ ਸਕਣਗੇ, ਜਿਨ੍ਹਾਂ ਨੂੰ ਲੈਕਚਰਰ ਅਤੇ ਅਧਿਆਪਕਾਂ ਵਲੋਂ ਚੁਣਿਆ ਜਾਵੇਗਾ।
