ਮਾਹਿਲਪੁਰ – ਪੰਜਾਬ ਵਿਚ ਬੀਤੇ ਦਿਨ ਦੋ ਦਿਨ ਪਈ ਭਾਰੀ ਬਾਰਿਸ਼ ਦੇ ਕਾਰਨ ਕਈ ਥਾਵਾਂ ‘ਤੇ ਵੱਡਾ ਨੁਕਸਾਨ ਹੋਇਆ ਹੈ। ਭਾਰੀ ਬਾਰਿਸ਼ ਹੋਣ ਕਾਰਨ ਹੁਸ਼ਿਆਰਪੁਰ ਵਿਚ ਪਿੰਡਾਂ ਦੀਆਂ ਗਲੀਆਂ ਵਿਚ ਬੇਸ਼ੁਮਾਰ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣੇ ਕਰਨਾ ਪਿਆ। ਪਿੰਡ ਹਕੂਮਤਪੁਰ ’ਚ ਸਰਕਾਰੀ ਪ੍ਰਾਇਮਰੀ/ਐਲੀਮੈਂਟਰੀ ਸਮਰਾਟ ਸਕੂਲ ਅਤੇ ਪਿੰਡ ’ਚ ਲਾਗਤਾਰ ਭਾਰੀ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ। ਲੋਕ ਚਾਹ-ਪਾਣੀ ਰੋਟੀ ਪਕਾਉਣ ਤੋਂ ਵੀ ਵਾਂਝੇ ਰਹੇ। ਪਿੰਡ ਵਾਸੀਆਂ ਦਾ ਘਰਾਂ ਵਿਚ ਪਾਣੀ ਭਰਨ ਨਾਲ ਕਾਫ਼ੀ ਨੁਕਸਾਨ ਹੋ ਗਿਆ। ਬੀਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਸੂਰਜ ਪ੍ਰਕਾਸ਼, ਪੰਚ ਸੁਖਵੀਰ ਸਿੰਘ, ਹਰਜਿੰਦਰ ਸਿੰਘ, ਗੁਰਨਾਮ ਸਿੰਘ, ਨਰਿੰਦਰ ਸਿੰਘ, ਕਮਲਜੀਤ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਨਿੰਦਰ ਕੌਰ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ, ਅਮਨਦੀਪ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਪੈਣ ਨਾਲ ਇਲਾਕੇ ਦੇ ਪਿੰਡ ਨੰਗਲ, ਖੇੜਾ ਆਦਿ ਖੇਤਾਂ ਦਾ ਪਾਣੀ ਪ੍ਰਧਾਨ ਮੰਤਰੀ ਸਕੀਮ ਤਹਿਤ ਈਸਪੁਰ ਤੋਂ ਪਾਲਦੀ ਤੱਕ ਨਵੀਂ ਬਣੀ ਸੜਕ ਉੱਚੀ ਹੋਣ ਕਰਕੇ ਪਿਛਲੇ ਪਿੰਡਾਂ ਦਾ ਪਾਣੀ ਸੜਕ ਦੇ ਇਕ ਪਾਸੇ ਇਕੱਠਾ ਹੋ ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਬਣਾਈ ਸੜਕ ’ਚ ਓਵਰਫਲੋਅ ਪਾਣੀ ਦੀ ਨਿਕਾਸੀ ਲਈ ਪੁਲੀਆਂ ਬਣਾਈਆਂ ਜਾਣ।


ਜਿਸ ਕਰਕੇ ਇਹ ਪਾਣੀ ਪਿੰਡ ਵਾਸੀਆਂ ਦੇ ਘਰਾਂ ਵਿਚ ਵੜ ਗਿਆ ਅਤੇ ਭਾਰੀ ਨੁਕਸਾਨ ਹੋਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੇ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ ਘਰਾਂ ਵਿਚ ਪਾਣੀ ਜਮ੍ਹਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਰਾਹੀਂ ਬਾਹਰ ਨਿਕਲ ਜਾਂਦਾ ਸੀ। ਨਿਕਾਸੀ ਵਾਲੇ ਪਾਸੇ ਪਿੰਡ ਦੇ ਇਕ ਵਿਅਕਤੀ ਨੇ ਖੇਤ ਖ਼ਰੀਦ ਕੇ ਇੱਟਾਂ ਦੀ ਦੀਵਾਰ ਬਣਾ ਲਈ ਅਤੇ ਹੋਰ ਨਾਲ ਲੱਗਦੀ ਜ਼ਮੀਨ ਪਿੰਡ ਦੇ ਇਕ ਜ਼ਿੰਮੀਦਾਰ ਨੇ ਹਾਲੇ ’ਤੇ ਲੈ ਕੇ ਉਸ ’ਚ ਝੋਨਾ ਲਾਇਆ ਹੋਇਆ ਹੈ। ਉਨ੍ਹਾਂ ਨੇ ਪਾਣੀ ਦੀ ਰੋਕ ਲਈ ਉੱਚੀਆਂ ਵੱਟਾਂ ਬਣਾਈਆਂ ਹੋਈਆਂ ਹਨ, ਜਿਸ ਕਰਕੇ ਓਵਰਫਲੋਅ ਪਾਣੀ ਦਾ ਨਿਕਾਸ ਬਿਲਕੁਲ ਬੰਦ ਹੋ ਗਿਆ ਹੈ। । ਪਿੰਡ ਨਿਵਾਸੀਆਂ ਨੇ ਇੰਟਰਲਾਕ ਦੀ ਬਣੀ ਸੜਕ ਨੂੰ ਤੋੜ ਕੇ ਖੇਤਾਂ ਵੱਲ ਪਾਣੀ ਕੱਢਿਆ, ਜਿਸ ਨਾਲ ਪਿੰਡ ਵਿਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਸਕੂਲ ਦੇ ਟੀਚਰਾਂ ਨੇ ਦੱਸਿਆ ਕਿ ਸਕੂਲ ਦੀ ਬਿਲਡਿੰਗ ’ਚ ਮੀਂਹ ਦਾ ਪਾਣੀ ਭਰਨ ਕਰ ਕੇ ਸਕੂਲ ਦਾ ਰਿਕਾਰਡ ਵੀ ਖ਼ਰਾਬ ਹੋ ਗਿਆ ਹੈ ।


