ਪੰਜਾਬ ਦੇ ਪਿੰਡ ‘ਚ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਲੱਭਿਆ, ਲੋਕਾਂ ਦੀ ਭੀੜ ਹੋ ਗਈ ਇਕੱਠੀ

ਗੁਰਪ੍ਰੀਤ ਸਿੰਘ :- ਖਰੜ ਨੇੜੇ ਇਤਿਹਾਸਕ ਪਿੰਡ ਘੜੂੰਆਂ ’ਚ ਉਸ ਸਮੇਂ ਚਰਚਾ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੇ ਪੰਚਾਇਤ ਘਰ ਦੀ ਥਾਂ ਨਵੀਂ ਲਾਇਬ੍ਰੇਰੀ ਦੀ ਉਸਾਰੀ ਲਈ ਚੱਲ ਰਹੀ ਖ਼ੁਦਾਈ ਦੌਰਾਨ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਬਰਾਮਦ ਹੋਇਆ। ਸਿੱਕੇ ਮਿਲਣ ਦੀ ਖ਼ਬਰ ਪਿੰਡ ’ਚ ਫੈਲਦਿਆਂ ਹੀ ਲੋਕਾਂ ਦੀ ਭੀੜ ਮੌਕੇ ’ਤੇ ਇਕੱਠੀ ਹੋ ਗਈ ਅਤੇ ਸਿੱਕਿਆਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਸੂਤਰਾਂ ਅਨੁਸਾਰ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਵੱਲੋਂ ਇਹ ਸਿੱਕੇ ਇਕੱਠੇ ਕਰ ਲਏ ਗਏ। ਇਸ ਤੋਂ ਇਲਾਵਾ ਉੱਥੇ ਕੰਮ ਕਰ ਰਹੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਵੱਲੋਂ ਵੀ ਵੱਡੀ ਗਿਣਤੀ ‘ਚ ਕਥਿਤ ਤੌਰ ਤੇ ਸਿੱਕੇ ਇਕੱਠੇ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਖ਼ੁਦਾਈ ਵਾਲੀ ਥਾਂ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਮੁਹੰਮਦ ਤੇ ਸਮਾਜ ਸੇਵੀ ਮਨਦੀਪ ਸਿੰਘ ਘੜੂੰਆਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਪੁਰਾਣੇ ਪੰਚਾਇਤ ਘਰ ਦੀ ਥਾਂ ’ਤੇ ਨਵੀਂ ਲਾਇਬ੍ਰੇਰੀ ਬਣਾਈ ਜਾ ਰਹੀ ਹੈ।

ਮੰਗਲਵਾਰ ਨੂੰ ਨੀਂਹ ਦੀਆਂ ਪੱਟੀਆਂ ਪੁੱਟਣ ਲਈ ਖੁਦਾਈ ਕੀਤੀ ਜਾ ਰਹੀ ਸੀ ਤਾਂ ਮਿੱਟੀ ’ਚ ਕੁੱਜਾ ਦਿਖਾਈ ਦਿੱਤਾ। ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਤਾਂ ਇਸ ’ਚ ਚਾਂਦੀ ਦੇ ਸਿੱਕੇ ਮਿਲੇ, ਜਿਨ੍ਹਾਂ ’ਤੇ ਉਰਦੂ ’ਚ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ। ਸਿੱਕਿਆਂ ਦੀ ਸਹੀ ਗਿਣਤੀ ਤੇ ਉਨ੍ਹਾਂ ਦੀ ਪੁਰਾਤਨਤਾ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪਿੰਡ ਵਾਸੀਆਂ ’ਚ ਇਨ੍ਹਾਂ ਸਿੱਕਿਆਂ ਦੇ ਪੁਰਾਤਨ ਇਤਿਹਾਸ ਨਾਲ ਸਬੰਧਿਤ ਹੋਣ ਨੂੰ ਲੈ ਕੇ ਚਰਚਾ ਛਿੜ ਗਈ ਹੈ। ਦੱਸਣਯੋਗ ਹੈ ਕਿ ਘੜੂੰਆਂ ਨੂੰ ਇਤਿਹਾਸਕ ਪਿੰਡ ਮੰਨਿਆ ਜਾਂਦਾ ਹੈ ਅਤੇ ਇਸ ਦਾ ਸਬੰਧ ਪਾਂਡਵਾਂ ਦੇ ਸਮੇਂ ਨਾਲ ਜੋੜਨ ਦੀ ਮਾਨਤਾ ਵੀ ਪ੍ਰਚਲਿਤ ਹੈ। ਪਿੰਡ ’ਚ ਸਥਿਤ ਪਾਂਡ ਸਰੋਵਰ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਇਸ ਦੀ ਖ਼ੁਦਾਈ ਭੀਮ ਵੱਲੋਂ ਕੀਤੀ ਗਈ ਸੀ। ਹੁਣ ਖ਼ੁਦਾਈ ਦੌਰਾਨ ਚਾਂਦੀ ਦੇ ਸਿੱਕਿਆਂ ਨਾਲ ਭਰਿਆ ਕੁੱਜਾ ਮਿਲਣ ਤੋਂ ਬਾਅਦ ਪਿੰਡ ’ਚ ਉਤਸੁਕਤਾ ਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।

By Gurpreet Singh

Leave a Reply

Your email address will not be published. Required fields are marked *