ਗੁਰਪ੍ਰੀਤ ਸਿੰਘ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ, 26 ਅਗਸਤ ਨੂੰ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ਵਿੱਚ ਕਰਵਾਏ ਜਾ ਰਹੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਇਕ ਵਿਸ਼ਾਲ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਯੋਜਨਾ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ। ਸਮਾਗਮ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਥਾਨਕ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਰੱਖੜੀ ਦੇ ਤਿਉਹਾਰ ਵਾਲੇ ਦਿਨ ਭਗਵੰਤ ਮਾਨ ਸਰਕਾਰ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਂ ਰਜਿਸਟ੍ਰੇਸਨ ਕਰਵਾਉਣ ਵਾਲੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 28 ਅਗਸਤ ਭਾਵ ਰੱਖੜੀ ਵਾਲੇ ਦਿਨ ‘ਸਨਮਾਨ ਰਾਸੀ’ ਜਮ੍ਹਾਂ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਚ ਕੁੱਝ ਦਿਨ ਪਹਿਲਾਂ ਇਸ ਬਾਰੇ ਐਲਾਨ ਕੀਤਾ ਸੀ। ਪਟਿਆਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ, “ਔਰਤਾਂ ਦੇ ਮਾਣ-ਸਨਮਾਨ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸੁਰੂ ਕੀਤੀ ਹੈ। ਇਸ ਸਕੀਮ ਤਹਿਤ ਹੁਣ ਤੱਕ 75 ਲੱਖ ਤੋਂ ਵੱਧ ਔਰਤਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ 1 ਅਗਸਤ, 2026 ਤੱਕ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 2,274.42 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਮ੍ਹਾਂ ਕੀਤੀ ਜਾ ਚੁੱਕੀ ਹੈ।”
