ਨੈਸ਼ਨਲ ਟਾਈਮਜ਼ ਬਿਊਰੋ :- ਭਾਵੇਂ ਕੁਝ ਸਮਾਂ ਪਹਿਲਾ ਮੌੜ ਮੰਡੀ ਦੀ ਇਕ ਲੜਕੀ ਚੈਰਿਸ ਗੋਇਲ ਦੀ ਹੋਈ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਪਰ ਅੱਜ ਫਿਰ ਉਸੇ ਤਰ੍ਹਾਂ ਕੋਟਲਾ ਬਰਾਂਚ ਨਹਿਰ ’ਚੋਂ ਇਕ ਨਾਬਾਲਗ ਲੜਕੀ ਦੀ ਲਾਸ਼ ਦਾ ਮਿਲਣਾ ਲੜਕੀਆਂ ਦੀ ਸੁਰੱਖਿਆ ਅਤੇ ਸਮਾਜ ’ਚ ਆ ਰਹੀ ਗਿਰਾਵਟ ਉੱਤੇ ਕਈ ਸਵਾਲ ਖੜ੍ਹੇ ਕਰ ਗਿਆ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਇਕ 30 ਸਾਲਾ ਲੜਕੇ ਵੱਲੋਂ ਪਿੰਡ ਮਾਨਸਾ ਕਲਾਂ ਦੀ ਇਕ ਨਾਬਾਲਗ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਦੇ ਚੱਲਦੇ ਉਕਤ ਲੜਕੀ ਵੱਲੋਂ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਸ ਸਬੰਧੀ ਪੁਲਸ ਨੂੰ ਫੋਨ ਕਾਲ ਰਿਕਾਰਡਿੰਗਜ਼ ਤੋਂ ਵੀ ਕੁਝ ਸੁਰਾਗ ਹੱਥ ਲੱਗੇ ਹਨ ਅਤੇ ਲੜਕੇ ਦੇ ਮੋਬਾਈਲ ਨੰਬਰ ਦੇ ਆਧਾਰ ’ਤੇ ਪੁਲਸ ਵੱਲੋਂ ਉਕਤ ਲੜਕੇ ਦੀ ਗ੍ਰਿਫ਼ਤਾਰੀ ਲਈ ਵੀ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ । ਲੜਕੀ ਦੀ ਰੋਂਦੀ ਹੋਈ ਦੀਆਂ ਕਾਲ ਰਿਕਾਰਡਿੰਗਜ਼ ਇਹ ਸਪੱਸ਼ਟ ਕਰਦੀਆਂ ਹਨ ਕਿ ਲੜਕੀ ਕਾਫੀ ਪ੍ਰੇਸ਼ਾਨ ਚੱਲ ਰਹੀ ਸੀ। ਇਸ ਸਬੰਧੀ ਥਾਣਾ ਮੌੜ ਦੇ ਡੀ. ਐੱਸ.ਪੀ. ਕੁਲਦੀਪ ਸਿੰਘ ਅਤੇ ਐੱਸ. ਐੱਚ. ਓ. ਤਰਨਦੀਪ ਸਿੰਘ ਨੇ ਦੱਸਿਆ ਮ੍ਰਿਤਕ ਲੜਕੀ ਦਿਕਸ਼ਾ ਨੂੰ ਤਲਵੰਡੀ ਸਾਬੋ ਦੇ ਇਕ ਨੌਜਵਾਨ ਇੰਦਰਪ੍ਰੀਤ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ । ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
