ਫ਼ਿਰੋਜ਼ਪੁਰ : ਫਿਰੋਜ਼ਪੁਰ ਦੇ ਮੱਖੂ ਗੇਟ ਸੈਲੂਨ ’ਤੇ ਟੈਟੂ ਬਣਵਾਉਣ ਆਏ ਨੌਜਵਾਨ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਲੱਗਾ ਹੈ ਕਿ ਅਣਪਛਾਤੇ ਵਿਅਕਤੀਆਂ ਵਲੋਂ ਭਰੇ ਬਾਜ਼ਾਰ ਕਈ ਫਾਇਰ ਕੀਤੇ ਗਏ। ਇਕ ਨੌਜਵਾਨ ਦੋਵਾਂ ਹੱਥਾਂ ਵਿਚ ਪਿਸਤੌਲਾਂ ਲੈ ਕੇ ਫਾਇਰ ਕਰ ਰਿਹਾ ਸੀ। ਇਸ ਵਾਰਦਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਮੌਕੇ ’ਤੇ ਪੁਲਸ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰ ਇਹ ਵੀ ਦੱਸ ਰਹੇ ਹਨ ਕਿ ਇਹ ਘਟਨਾ ਗੈਂਗਵਾਰ ਨਾਲ ਜੁੜੀ ਹੈ।
ਗੋਲੀਬਾਰੀ ਵਿਚ ਆਸ਼ੂ ਮੋਂਗਾ ਨਾਮਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਇਲਾਕਾ ਭੀੜ-ਭਾੜ ਵਾਲਾ ਹੈ ਅਤੇ ਜਦੋਂ ਇਹ ਵਾਰਦਾਤ ਹੋਈ ਤਾਂ ਲੋਕ ਸੜਕ ਤੋਂ ਲੰਘ ਰਹੇ ਸਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਆਸ਼ੂ ਮੋਂਗਾ ਦੇ ਪਿਤਾ ਭੂਸ਼ਣ ਕੁਮਾਰ ਨੇ ਕਿਹਾ ਕਿ ਸਾਨੂੰ ਮਾਮਲੇ ਬਾਰੇ ਨਹੀਂ ਪਤਾ। ਉਹ ਮੇਰਾ ਛੋਟਾ ਪੁੱਤਰ ਸੀ ਅਤੇ ਮੇਰੇ ਨਾਲ ਗੱਡੀਆਂ ‘ਤੇ ਕੰਮ ਕਰਦਾ ਸੀ ਪਰ ਅੱਜ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
