ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿੱਜੀ ਤੌਰ ’ਤੇ ਗਾਈਡ ਸੇਵਾਵਾਂ ਦੇਣ ਅਤੇ ਸੰਗਤਾਂ ਤੋਂ ਮੋਟੀ ਰਕਮ ਵਸੂਲਣ ਦੇ ਮਾਮਲੇ ਵਿਚ ਗੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਰੁੱਧ ਝਗੜੇ ਅਤੇ ਦੁਰਵਿਹਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਨਿਆਇਕ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ ਹੈ।

ਪਤਾ ਲੱਗਾ ਹੈ ਕਿ ਗੁਰਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਵਾਂ ਵਿੱਚ ਸ਼ਰਧਾਲੂਆਂ ਨੂੰ ਗਾਈਡ ਸੇਵਾਵਾਂ ਦੇ ਰਿਹਾ ਸੀ ਅਤੇ ਇਸ ਦੇ ਬਦਲੇ ਭਾਰੀ ਰਕਮ ਵਸੂਲ ਕਰ ਰਿਹਾ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਿਗਰਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਉਸ ਨੂੰ ਸੰਗਤ ਨਾਲ ਝਗੜਦਿਆਂ ਦੇਖਿਆ। ਛਾਣਬੀਣ ਕਰਨ ’ਤੇ ਪਤਾ ਲੱਗਾ ਕਿ ਗੁਰਿੰਦਰ ਸਿੰਘ ਮੋਟੀ ਰਕਮ ਵਸੂਲ ਕੇ ਗਾਈਡ ਸੇਵਾਵਾਂ ਮੁਹੱਈਆ ਕਰ ਰਿਹਾ ਸੀ। ਸ਼ਮਸ਼ੇਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਸਕੁਆਡ ਨੇ ਜਾਂਚ ਸ਼ੁਰੂ ਕਰ ਦਿੱਤੀ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਹੋਰ ਸੇਵਾਦਾਰ ਵੀ ਉਸ ਦੀ ਮਦਦ ਕਰ ਰਹੇ ਸਨ। ਗੁਰਿੰਦਰ ਸਿੰਘ ਦੇ ਖਾਤਿਆਂ ਦੀ ਜਾਂਚ ਦੌਰਾਨ ਯੂਪੀਆਈ ਰਾਹੀਂ ਲੱਖਾਂ ਰੁਪਏ ਦੀ ਆਮਦਨ ਅਤੇ ਵੱਡੀ ਨਕਦੀ ਰਕਮ ਲੈਣ ਦੇ ਆਸਾਰ ਵੀ ਸਾਹਮਣੇ ਆਏ ਹਨ।

ਥਾਣਾ ਈ ਡਵੀਜਨ ’ਚ ਮਾਮਲਾ ਦਰਜ

ਪੁਲਸ ਮੁਲਾਜ਼ਮਾਂ ਨੂੰ ਮਿਲੀ ਲਿਖਤੀ ਸ਼ਿਕਾਇਤ ਅਨੁਸਾਰ ਜਦ ਗੁਰਿੰਦਰ ਸਿੰਘ ਨੂੰ ਪੁਲਸ ਚੌਂਕੀ ਲਿਆਇਆ ਗਿਆ ਤਾਂ ਉਸ ਨੇ ਉੱਚੀ-ਉੱਚੀ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਹ ਮਾਰਨ ਮਰਨ ’ਤੇ ਉਤਾਰ ਗਿਆ। ਅਮਨ ਭੰਗ ਹੋਣ ਦੇ ਖਤਰੇ ਦੇ ਮੱਦੇਨਜ਼ਰ ਪੁਲਸ ਨੇ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਗੁਰਿੰਦਰ ਸਿੰਘ ਜੇਲ੍ਹ ‘ਚ ਬੰਦ ਹੈ ਤੇ ਉਸ ਖ਼ਿਲਾਫ ਪੂਰੀ ਜਾਂਚ ਜਾਰੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਨ੍ਹਾਂ ਕਿਸਮ ਦੀਆਂ ਨਿੱਜੀ ਰੁਕਾਵਟਾਂ ’ਤੇ ਨਜ਼ਰ ਰੱਖਣ ਅਤੇ ਸੰਗਤ ਨੂੰ ਲੁਟਣ ਵਾਲਿਆਂ ਉੱਤੇ ਕੜੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

By nishuthapar1

Leave a Reply

Your email address will not be published. Required fields are marked *