ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਓਪਰੇਸ਼ਨ ਸਿੰਦੂਰ’ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵਾਂ ਉੱਤੇ ਤਿੱਖੇ ਹਮਲੇ ਕੀਤੇ ਹਨ। ਆਪਣੇ ਟਵੀਟ ਰਾਹੀਂ ਵੜਿੰਗ ਨੇ ਦੋਹਾਂ ਪਾਰਟੀਆਂ ਨੂੰ ਇੱਕੋ ਜਿਹਾ ਦੱਸਦਿਆਂ ਕਿਹਾ ਕਿ ਇਹ ਦੋਵੇਂ ਇੱਕ ਹੀ ਸਿੱਕੇ ਦੇ ਦੋ ਪੱਖ ਹਨ, ਜੋ ਹੁਣ ਫੌਜੀ ਕਾਰਵਾਈ ‘ਤੇ ਸਿਆਸਤ ਕਰ ਰਹੇ ਹਨ।
ਵੜਿੰਗ ਨੇ ਭਾਜਪਾ ਉੱਤੇ ਤੰਜ ਕੱਸਦਿਆਂ ਲਿਖਿਆ ਕਿ ਭਾਜਪਾ ਆਗੂ ਐਸਾ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਆਪ ਹੀ ਸਰਹੱਦ ‘ਤੇ ਲੜ ਕੇ ਆਏ ਹੋਣ। ਦੂਜੇ ਪਾਸੇ ਉਨ੍ਹਾਂ ਆਮ ਆਦਮੀ ਪਾਰਟੀ ਦੀ ਭੂਮਿਕਾ ਨੂੰ ਵੀ ਘਟੀਆ ਦੱਸਿਆ ਅਤੇ ਕਿਹਾ ਕਿ ਉਹ ‘ਓਪਰੇਸ਼ਨ ਸਿੰਦੂਰ’ ਦੀ ਸਫਲਤਾ ਤੇ ਸਵਾਲ ਚੁੱਕ ਕੇ ਅਣਗਹਿਲੀ ਕਰ ਰਹੇ ਹਨ।
ਉਨ੍ਹਾਂ ਸਾਫ਼ ਕਿਹਾ ਕਿ ਇਹ ਕਾਰਵਾਈ ਭਾਜਪਾ ਦੇ ‘ਓਪਰੇਸ਼ਨ ਲੋਟਸ’ ਵਰਗੀ ਨਹੀਂ ਸੀ। “ਅਸੀਂ ਜਾਣਦੇ ਹਾਂ ਕਿ ਤੁਸੀਂ ‘ਓਪਰੇਸ਼ਨ ਲੋਟਸ’ ਵਿੱਚ ਕਿਹੋ ਜਿਹੇ ਹਥਕੰਡੇ ਵਰਤਦੇ ਹੋ, ਪਰ ਕਿਰਪਾ ਕਰਕੇ ਫੌਜ ਦੀ ਇੱਜਤ ਅਤੇ ਜੰਗੀ ਜਿੱਤ ਉੱਤੇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਨਾ ਕਰੋ।”
ਅੰਤ ਵਿੱਚ ਰਾਜਾ ਵੜਿੰਗ ਨੇ ਚੁਭਦੀ ਟਿੱਪਣੀ ਕਰਦਿਆਂ ਲਿਖਿਆ ਕਿ, “ਸਾਰੀ ਦੁਨੀਆ ਜਾਣਦੀ ਹੈ ਕਿ ਤੁਸੀਂ ਕਿੰਨੇ ‘ਬਹਾਦਰ’ ਹੋ ਅਤੇ ਕਿਵੇਂ ‘ਬਹਾਦਰੀ’ ਨਾਲ ਹਥਿਆਰ ਸੁੱਟਦੇ ਹੋ।”
