ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਕਈ ਜ਼ਿਲ੍ਹੇ ਪਾਣੀ ਹੇਠ ਹਨ, ਲੋਕ ਬੇਘਰ ਹੋ ਰਹੇ ਹਨ ਤੇ ਰਾਹਤ ਕਾਰਜਾਂ ਦੀ ਗਤੀ ‘ਤੇ ਸਵਾਲ ਉੱਠ ਰਹੇ ਹਨ। ਇਸ ਵਿਚਕਾਰ ਆਪ ਦੀ ਹਲਕਾ ਇੰਚਾਰਜ ਸੋਨੀਆ ਮਾਨ ਦੀ ਇਕ ਵੀਡੀਓ ਫੇਸਬੁੱਕ ‘ਤੇ ਸਾਹਮਣੇ ਆਈ ਹੈ ਜਿਸ ਵਿਚ ਉਹ ਕਸ਼ਮੀਰ ਸਿੰਘ ਸੰਘਾ ਉਰਫ਼ ਸੰਘਾ ਸਾਬ ਨਾਲ ਹੱਸਦਿਆਂ-ਖੇਡਦਿਆਂ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੇ ਲੋਕਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕਈ ਉਪਭੋਗਤਾਵਾਂ ਨੇ ਕਮੈਂਟ ਕਰਕੇ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੀ ਬਦਹਾਲੀ ਦਾ ਸਾਹਮਣਾ ਕਰ ਰਹੇ ਹਨ, ਉਸ ਵੇਲੇ ਸੋਨੀਆ ਮਾਨ ਵੱਲੋਂ ਮੌਜ-ਮਸਤੀ ਕਰਦੇ ਹੋਏ ਪ੍ਰਮੋਸ਼ਨਲ ਵੀਡੀਓ ਪਾਉਣਾ ਬੇਹੱਦ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ।
ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸੋਨੀਆ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੋਵਾਂ ‘ਤੇ ਨਿਸ਼ਾਨਾ ਸਾਧਿਆ ਹੈ। ਕਮੈਂਟਸ ਵਿਚ ਕਿਹਾ ਜਾ ਰਿਹਾ ਹੈ ਕਿ ਅਜਿਹੇ ਸਮੇਂ ‘ਚ ਜ਼ਮੀਨੀ ਪੱਧਰ ‘ਤੇ ਰਾਹਤ ਕੰਮ ਕਰਨ ਦੀ ਬਜਾਏ ਪ੍ਰਚਾਰ ਕਰਨ ਨਾਲ ਲੋਕਾਂ ਦੇ ਗੁੱਸੇ ਨੂੰ ਹੋਰ ਵਧਾਇਆ ਜਾ ਰਿਹਾ ਹੈ।
ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਲੋਕਾਂ ਦੇ ਭਰੋਸੇ ‘ਤੇ ਚੋਟ ਕਰਦੀਆਂ ਹਨ ਅਤੇ ਇਹ ਸਿਆਸਤਦਾਨਾਂ ਲਈ ਇੱਕ ਵੱਡੀ ਚੇਤਾਵਨੀ ਹੈ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਲੋਕਾਂ ਨੂੰ ਸਹਾਰਾ ਚਾਹੀਦਾ ਹੈ, ਨਾ ਕਿ ਸਿਰਫ਼ ਸੋਸ਼ਲ ਮੀਡੀਆ ਸ਼ੋਅ।
