ਅੰਮ੍ਰਿਤਸਰ ਵਿੱਚ ASI ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫਰਾਰ ; ਥਾਣਾ ਇੰਚਾਰਜ ਮੁਅੱਤਲ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਵਿੱਚ ਏ.ਐਸ.ਆਈ. ਜਸਵੰਤ ਸਿੰਘ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਉਸ ਦੀ ਪਛਾਣ ਝੰਜੋਟੀ ਪਿੰਡ ਦੇ ਰਹਿਣ ਵਾਲੇ ਕਰਨ ਵਜੋਂ ਹੋਈ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਪਿੰਡ ਝੰਜੋਟੀ ਵਾਸੀ ਕਰਨ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕਰਨ ਲਈ ਉਸ ਨੂੰ ਮਜੀਠਾ ਇਲਾਕੇ ਵਿੱਚ ਲੈ ਕੇ ਪਹੁੰਚੀ ਸੀ।

ਘਟਨਾ ਦਾ ਪਤਾ ਲੱਗਦੇ ਹੀ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਰਾਜਾਸਾਂਸੀ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਫਿਲਹਾਲ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਰਿਪੋਰਟਾਂ ਅਨੁਸਾਰ, 11 ਸਤੰਬਰ ਦੀ ਰਾਤ ਨੂੰ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲਾਈਨਜ਼ ਵਿੱਚ ਤਾਇਨਾਤ ਏ.ਐਸ.ਆਈ. ਜਸਵੰਤ ਸਿੰਘ ਰਾਜਾਸਾਂਸੀ ਇਲਾਕੇ ਵਿੱਚ ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਸਨ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਸਿਰ ‘ਤੇ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੀ ਪੱਗ ਨੂੰ ਚੀਰਦੀ ਹੋਈ ਸਿਰ ਨੂੰ ਛੂਹ ਕੇ ਨਿਕਲ ਗਈ ਸੀ।

ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਮੁਲਜ਼ਮ ਦੇ ਹੋਰ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।

By Gurpreet Singh

Leave a Reply

Your email address will not be published. Required fields are marked *