ਅੱਤਵਾਦ ਮਗਰੋਂ ‘ਜੰਨਤ’ ’ਚ ਛਾਇਆ ਸੰਨਾਟਾ, ਦੇਸ਼ ਭਰ ਤੋਂ ਆ ਰਹੀਆਂ ਬੁਕਿੰਗ ਰੱਦ ਕਰਨ ਦੀਆਂ Requests

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਜਾਣ ਵਾਲੇ ਸੈਲਾਨੀਆਂ ਨੇ ਸੁਰੱਖਿਆ ਕਾਰਨਾਂ ਕਰ ਕੇ ਵੱਡੇ ਪੈਮਾਨੇ ’ਤੇ ਬੁਕਿੰਗ ਰੱਦ ਕਰਵਾ ਦਿੱਤੀ ਹੈ। ਟ੍ਰੈਵਲ ਏਜੰਸੀਆਂ ਦਾ ਕਹਿਣਾ ਹੈ ਕਿ 90 ਫੀਸਦੀ ਬੁਕਿੰਗ ਰੱਦ ਕਰਵਾ ਦਿੱਤੀ ਗਈ ਹੈ। ਦੇਸ਼ ਭਰ ਵਿਚ 15 ਹਜ਼ਾਰ ਤੋਂ ਵੱਧ ਏਅਰ ਟਿਕਟਾਂ ਕੈਂਸਲ ਜਾਂ ਰੀਸ਼ਡਿਊਲਡ ਕਰਵਾਈਆਂ ਗਈਆਂ ਹਨ। ਡੋਮੈਸਟਿਕ ਏਅਰਲਾਈਨਸ ਨੂੰ ਦੇਸ਼ ਭਰ ਤੋਂ ਲਗਭਗ 15 ਹਜ਼ਾਰ ਯਾਤਰੀਆਂ ਨੇ ਟਿਕਟਾਂ ਕੈਂਸਲ ਕਰਵਾਉਣ ਜਾਂ ਰੀਸ਼ਡਿਊਲ ਕਰਵਾਉਣ ਦੀ ਬੇਨਤੀ ਕੀਤੀ ਹੈ।

ਇਸੇ ਤਰ੍ਹਾਂ ਡੀ.ਜੀ.ਸੀ.ਏ. ਨੇ ਵੀ ਹਾਲਾਤ ਨੂੰ ਵੇਖਦਿਆਂ ਜਹਾਜ਼ ਕੰਪਨੀਆਂ ਨੂੰ ਕਿਰਾਇਆ ਨਾ ਵਧਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਹਨ। ਏਅਰਪੋਰਟ ਅਧਿਕਾਰੀਆਂ ਤੋਂ ਮਿਲੇ ਅੰਕੜਿਆਂ ਅਨੁਸਾਰ ਦੇਸ਼ ਭਰ ’ਚੋਂ ਲਗਭਗ 60 ਤੋਂ 70 ਹਜ਼ਾਰ ਲੋਕ ਹਰ ਹਫਤੇ ਸ਼੍ਰੀਨਗਰ ਜਾਂਦੇ ਹਨ ਪਰ ਪਹਿਲਗਾਮ ਹਮਲੇ ਤੋਂ ਬਾਅਦ ਇਸ ਗਿਣਤੀ ਵਿਚ ਕਮੀ ਆਈ ਹੈ। 15 ਦਿਨ ਤਕ ਇਹੀ ਸਥਿਤੀ ਬਣੀ ਰਹਿਣ ਦਾ ਖਦਸ਼ਾ ਹੈ।

ਏਅਰਪੋਰਟ ਸੂਤਰਾਂ ਦੀ ਮੰਨੀ ਜਾਵੇ ਤਾਂ ਜ਼ਿਆਦਾਤਰ ਯਾਤਰੀਆਂ ਦੀਆਂ ਬੇਨਤੀਆਂ ਫਲਾਈਟ ਨੂੰ ਅੱਗੇ ਦੀ ਡੇਟ ’ਚ ਰੀਸ਼ਡਿਊਲ ਕਰਨ ਲਈ ਆਈਆਂ ਹਨ। ਇੰਡੀਗੋ ਨੂੰ ਲਗਭਗ 7,500 ਟਿਕਟਾਂ ਨੂੰ ਰੀਸ਼ਡਿਊਲ ਜਾਂ ਕੈਂਸਲ ਕਰਨ ਦੀਆਂ ਬੇਨਤੀਆਂ ਮਿਲੀਆਂ ਹਨ। ਏਅਰ ਇੰਡੀਆ ਗਰੁੱਪ ਤਹਿਤ ਚੱਲਣ ਵਾਲੀਆਂ ਏਅਰਲਾਈਨਜ਼ ਨੂੰ ਲਗਭਗ 5,000 ਟਿਕਟਾਂ ਨੂੰ ਰੀਸ਼ਡਿਊਲ ਕਰਵਾਉਣ ਦੀਆਂ ਬੇਨਤੀਆਂ ਮਿਲੀਆਂ ਹਨ। ਇਸੇ ਤਰ੍ਹਾਂ ਸਪਾਈਸਜੈੱਟ ਨੂੰ ਲਗਭਗ 2500 ਟਿਕਟਾਂ ਲਈ ਬੇਨਤੀਆਂ ਮਿਲੀਆਂ ਹਨ।

ਟੂਰ ਐਂਡ ਟਰੈਵਲਜ਼ ਏਜੰਸੀਆਂ ਦੀ ਬੁਕਿੰਗ ਵੀ ਪ੍ਰਭਾਵਿਤ
ਪਹਾੜਗੰਜ ’ਚ ਟੂਰ ਐਂਡ ਟ੍ਰੈਵਲਜ਼ ਏਜੰਸੀ ਚਲਾਉਣ ਵਾਲੇ ਸੰਦੀਪ ਦੁਆ ਦੱਸਦੇ ਹਨ ਕਿ ਪਹਿਲਗਾਮ ਘਟਨਾ ਨੇ ਕਸ਼ਮੀਰ ਜਾਣ ਵਾਲੇ ਯਾਤਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕਾਰਨ ਲੋਕ ਹੋਟਲ ਬੁਕਿੰਗ ਕੈਂਸਲ ਕਰਵਾ ਰਹੇ ਹਨ ਜਾਂ ਆਪਣੀ ਯਾਤਰਾ ਦੀ ਡੇਟ ਅੱਗੇ ਵਧਾ ਰਹੇ ਹਨ। ਕਨਾਟ ਪਲੇਸ ਦੇ ‘ਆਊਟਰ ਸਰਕਲ’ ’ਚ ਸ਼ੰਕਰ ਮਾਰਕੀਟ ਵਿਚ ਸਥਿਤ ‘ਸਵਾਨ ਟਰੈਵਲਰਜ਼’ ਦੇ ਮਾਲਕ ਗੌਰਵ ਰਾਠੀ ਨੇ ਦੱਸਿਆ ਕਿ ਲਗਭਗ 25 ਵਿਅਕਤੀਆਂ ਨੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲਈ ਆਪਣੀ ਬੁਕਿੰਗ ਰੱਦ ਕਰਨ ਲਈ ਕਿਹਾ ਹੈ। ਕੁਸ਼ਾ ਟਰੈਵਲਜ਼ ਦੇ ਮਾਲਕ ਦੇਵ ਨੇ ਦੱਸਿਆ ਕਿ ਕੁਝ ਪਰਿਵਾਰਾਂ ਨੇ ਸਾਡੇ ਤੋਂ ਬੁਕਿੰਗ ਕਰਵਾਈ ਸੀ। ਬਸ ਫਲਾਈਟ ਟਿਕਟ ਤੋਂ ਲੈ ਕੇ ਹੋਟਲ ਤਕ, ਸਭ ਕੁਝ ਪਹਿਲਾਂ ਤੋਂ ਬੁੱਕ ਸੀ ਪਰ ਜਿਵੇਂ ਹੀ ਅੱਤਵਾਦੀ ਹਮਲੇ ਦੀ ਖਬਰ ਆਈ, ਸਾਨੂੰ ਬੁਕਿੰਗ ਰੱਦ ਕਰਨ ਲਈ ਫੋਨ ਆਉਣ ਲੱਗੇ।

15,000 ਰੁਪਏ ਤੋਂ ਵੀ ਘੱਟ ਦੀ ਟਿਕਟ
ਬੁੱਧਵਾਰ ਨੰ ਕਈ ਫਲਾਈਟਾਂ 15,000 ਰੁਪਏ ਤੋਂ ਘੱਟ ਕੀਮਤ ’ਤੇ ਮਿਲ ਰਹੀਆਂ ਸਨ, ਜਦੋਂਕਿ ਮੰਗਲਵਾਰ ਨੂੰ ਇਹੀ ਟਿਕਟਾਂ 20,000 ਰੁਪਏ ਤੋਂ ਵੱਧ ਕੀਮਤ ’ਤੇ ਵਿਕ ਰਹੀਆਂ ਸਨ। ਇਸ ਦੇ ਨਾਲ ਹੀ ਜਹਾਜ਼ੀ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਜੰਮੂ-ਕਸ਼ਮੀਰ ਤੋਂ ਸੈਲਾਨੀਆਂ ਨੂੰ ਵਾਪਸ ਲਿਆਉਣ ਲਈ ਉਡਾਣਾਂ ਦੀ ਗਿਣਤੀ ਵਧਾਉਣ।

ਕੈਂਸਲ ਤੇ ਰੀਸ਼ਡਿਊਲ ’ਤੇ ਨਹੀਂ ਲੱਗੇਗੀ ਫੀਸ
ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ, ਅਕਾਸਾ ਏਅਰ ਤੇ ਇੰਡੀਗੋ ਨੇ ਸ਼੍ਰੀਨਗਰ ਤੋਂ ਆਉਣ ਤੇ ਜਾਣ ਵਾਲੇ ਯਾਤਰੀਆਂ ਦੀਆਂ ਟਿਕਟਾਂ ਨੂੰ ਕੈਂਸਲ ਜਾਂ ਰੀਸ਼ਡਿਊਲ ਕਰਵਾਉਣ ’ਤੇ ਕਿਸੇ ਵੀ ਤਰ੍ਹਾਂ ਦੀ ਫੀਸ ਨਾ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਡੀ.ਜੀ.ਸੀ.ਏ. ਵੀ ਜਹਾਜ਼ ਕੰਪਨੀਆਂ ਨੂੰ ਹਦਾਇਤਾਂ ਜਾਰੀ ਕਰ ਚੁੱਕਾ ਹੈ। ਇੰਡੀਗੋ ਨੇ ਆਪਣੇ ਐਕਸ ਹੈਂਡਲ ’ਤੇ ਲਿਖਿਆ ਕਿ ਟਿਕਟ ਕੈਂਸਲ ਜਾਂ ਰੀਸ਼ਡਿਊਲ ਕਰਵਾਉਣ ’ਤੇ ਫੀਸ ਵਿਚ ਛੋਟ ਦੀ ਸਹੂਲਤ 30 ਅਪ੍ਰੈਲ ਤਕ ਹੈ। ਇਹ 22 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਕੀਤੀ ਗਈ ਬੁਕਿੰਗ ’ਤੇ ਲਾਗੂ ਹੈ।

By Rajeev Sharma

Leave a Reply

Your email address will not be published. Required fields are marked *