ਨੈਸ਼ਨਲ ਟਾਈਮਜ਼ ਬਿਊਰੋ :- ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਤੋਂ ਦ ਕੈਨੇਡੀਅਨ ਪ੍ਰੈੱਸ ਨਾਲ ਗੱਲ ਕਰਦਿਆਂ ਪ੍ਰੀਮੀਅਰ ਸਮਿੱਥ ਨੇ ਕਿਹਾ ਕਿ ਉਹ ਉਡੀਕ ਕਰਨ ਰਹੇ ਹਨ ਕਿ ਪ੍ਰਧਾਨ ਮੰਤਰੀ ਕਾਰਨੀ ਗੇਮ 5 ਦੇਖਣ ਲਈ ਆਉਣਗੇ ਜਾਂ ਨਹੀਂ। ਇਹ ਗੇਮ ਆਉਂਦੇ ਵੀਕੈਂਡ ਨੂੰ ਹੋਵੇਗੀ। ਦਸ ਦਈਏ ਕਿ ਉਸ ਤੋਂ ਅਗਲੇ ਹਫ਼ਤੇ ਐਲਬਰਟਾ ਦੇ ਕੈਨਾਨੈਸਕਿਸ ਵਿਚ ਜੀ-7 ਸੰਮੇਲਨ ਆਯੋਜਿਤ ਹੋ ਰਿਹਾ ਹੈ।
ਕਾਰਨੀ ਦਾ ਬਚਪਨ ਐਡਮੰਟਨ ਵਿਚ ਬੀਤਿਆ ਹੈ ਅਤੇ ਮਾਰਚ ਵਿਚ ਐਡਮੰਟਨ ਦੇ ਰੌਜਰਜ਼ ਸੈਂਟਰ ਵਿਚ ਉਹਨਾਂ ਨੇ ਆਇਲਰਜ਼ ਦੀ ਟੀਮ ਨਾਲ ਆਪਣੀ ਸਾਂਝ ਦਾ ਵੀ ਜ਼ਿਕਰ ਕੀਤਾ ਸੀ। ਉਹ ਲਿਬਰਲ ਲੀਡਰ ਬਣਨ ਤੋਂ ਬਾਅਦ ਕਾਰਨੀ ਦੀ ਐਡਮੰਟਨ ਦੀ ਪਹਿਲੀ ਫੇਰੀ ਸੀ।
ਸਮਿੱਥ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਘੱਟੋ-ਘੱਟ ਸਾਡਾ ਪ੍ਰਧਾਨ ਮੰਤਰੀ ਜਾਣਦਾ ਹੈ ਕਿ ਕਿਸ ਟੀਮ ਦੀ ਹਮਾਇਤ ਕਰਨੀ ਚਾਹੀਦੀ ਹੈ।
ਮੈਂ ਤਿਆਰ ਹਾਂ। ਵੇਖਦੇ ਹਾਂ ਕਿ ਅਸੀਂ ਇਕੱਠੇ ਜਾ ਸਕਦੇ ਹਾਂ ਜਾਂ ਨਹੀਂ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬੁੱਧਵਾਰ ਨੂੰ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਮਿਲਿਆ। ਵਧੇਰੇ ਜਾਣਕਾਰੀ ਦੀ ਬੇਨਤੀ ਦੇ ਜਵਾਬ ਵਿੱਚ, ਸਮਿੱਥ ਦੇ ਪ੍ਰੈਸ ਸਕੱਤਰ ਸੈਮ ਬਲੈਕੇਟ ਨੇ ਇੱਕ ਸੰਖੇਪ ਬਿਆਨ ਦਿੱਤਾ।
ਪਹਿਲਾਂ ਵੇਖੀਏ ਕਿ ਕੀ ਇਹ ਸੀਰੀਜ਼ ਗੇਮ 5 ਤੱਕ ਪਹੁੰਚਦੀ ਹੈ।
ਇਹ ਇਸ ਸਾਲ ਆਇਲਰਜ਼ ਦੇ NHL ਪਲੇਆਫ਼ ਦੌਰਾਨ ਉਹ ਪਹਿਲੀ ਗੇਮ ਹੋਵੇਗੀ ਜਿਸ ਵਿਚ ਹਾਜ਼ਰ ਹੋਣ ਦੀ ਯੋਜਨਾ ਬਾਰੇ ਸਮਿੱਥ ਨੇ ਜਨਤਕ ਤੌਰ ‘ਤੇ ਦੱਸਿਆ ਹੈ।
ਪਿਛਲੇ ਸਾਲ, ਪ੍ਰੀਮੀਅਰ ਅਤੇ ਉਹਨਾਂ ਦੇ ਕੁਝ ਕੈਬਨਿਟ ਮੰਤਰੀਆਂ ਨੂੰ ਪਲੇਆਫ਼ ਮੈਚਾਂ ਲਈ ਮੁਫ਼ਤ ਲਗਜ਼ਰੀ ਬਾਕਸ ਟਿਕਟਾਂ ਲੈਣ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਵੇਲੇ, ਸਮਿੱਥ ਨੇ ਆਪਣੀ ਹਾਜ਼ਰੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਐਲਬਰਟਾ ਦੇ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਉਮੀਦ ਰਖਦੇ ਹਨ ਕਿ ਉਹ ਟੀਮ ਦਾ ਸਮਰਥਨ ਕਰਨ।
ਭਾਵੇਂ ਸਮਿੱਥ ਨੇ ਕਿਹਾ ਸੀ ਕਿ ਉਹਨਾਂ ਦੀਆਂ ਟਿਕਟਾਂ ਇੱਕ ਸੂਬਾਈ ਕਰਾਊਨ ਕਾਰਪੋਰੇਸ਼ਨ ਵੱਲੋਂ ਦਿੱਤੀਆਂ ਗਈਆਂ ਸਨ, ਕੁਝ ਮੰਤਰੀਆਂ ਨੂੰ ਟਿਕਟਾਂ ਇੱਕ ਨਿੱਜੀ ਕਾਰੋਬਾਰੀ ਵੱਲੋਂ ਦਿੱਤੀਆਂ ਗਈਆਂ ਸਨ, ਜਿਸਦੇ ਐਲਬਰਟਾ ਸਰਕਾਰ ਨਾਲ ਹੋਏ ਕਾਂਟਰੈਕਟ ਸਰਕਾਰੀ ਹੈਲਥ-ਕੇਅਰ ਸੰਬੰਧੀ ਕਾਂਟਰੈਕਟਾਂ ਦੀਆਂ ਕਈ ਵੱਡੀਆਂ ਜਾਂਚਾਂ ਦਾ ਹਿੱਸਾ ਹਨ।
ਪ੍ਰੀਮੀਅਰ ਨੇ ਕਿਹਾ ਸੀ ਕਿ ਉਹ ਅਤੇ ਉਹਨਾਂ ਦੇ ਮੰਤਰੀਆਂ ਨੇ ਜੋ ਵੀ ਕਦਮ ਚੁੱਕੇ, ਉਹ ਪੂਰੀ ਤਰ੍ਹਾਂ ਕਾਨੂੰਨੀ ਸਨ ਅਤੇ ਕਿਸੇ ਵੀ ਨੈਤਿਕਤਾ ਨਿਯਮ ਦੀ ਉਲੰਘਣਾ ਨਹੀਂ ਹੋਈ।
ਐਲਬਰਟਾ ਹੈਲਥ ਸਰਵਿਸੇਜ਼ ਦੇ ਸਾਬਕਾ ਮੁਖੀ ਵੱਲੋਂ ਦਿੱਤੇ ਗਏ ਮਹਿੰਗੇ ਅਤੇ ਪੱਖਪਾਤੀ ਕਾਂਟਰੈਕਟਾਂ ਦੇ ਦੋਸ਼ਾਂ ਦੀ ਆਰਸੀਐਮਪੀ, ਐਲਬਰਟਾ ਦੇ ਆਡੀਟਰ ਜਨਰਲ ਅਤੇ ਸਰਕਾਰ ਵੱਲੋਂ ਨਿਯੁਕਤ ਇੱਕ ਸਾਬਕਾ ਮੈਨਿਟੋਬਾ ਦੇ ਜੱਜ ਨੇ ਜਾਂਚ ਸ਼ੁਰੂ ਕੀਤੀ ਸੀ।
ਕਾਂਟਰੈਕਟ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੇ ਤਰੀਕੇ ਕਾਰ ‘ਤੇ ਪੀਟਰ ਗਥਰੀ ਨੇ ਇੰਫਰਾਸਟ੍ਰੱਕਚਰ ਮੰਤਰੀ ਵੱਜੋਂ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ, ਅਤੇ ਬਾਅਦ ਵਿੱਚ ਉਹ ਯੂਸੀਪੀ ਕਾਕਸ ਤੋਂ ਵੀ ਕੱਢ ਦਿੱਤੇ ਗਏ ਸਨ।
ਸਮਿੱਥ ਨੇ ਕੋਈ ਗਲਤ ਕੰਮ ਕਰਨ ਦੀ ਗੱਲ ਨੂੰ ਨਕਾਰ ਦਿੱਤਾ ਹੈ ਅਤੇ ਜ਼ੋਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਹਰ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈ।
