ਜਲੰਧਰ- ਪੰਜਾਬ ‘ਚ ਆਏ ਦਿਨ ਮੌਸਮ ਵਿਚ ਤਬਦੀਲੀ ਵਿਖੀ ਜਾ ਰਹੀ ਹੈ। ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਅੱਜ ਸ਼ਾਮ ਲਗਭਗ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਉਥੇ ਹੀ 27 ਮਈ ਤੋਂ 30 ਮਈ ਤੱਕ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਪੰਜ ਦਿਨਾਂ ਦੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਬਿਜਲੀ ਗਰਜਨ,ਹਲਕੀ ਬਾਰਿਸ਼ ਅਤੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਇਹ ਚੇਤਾਵਨੀ ਕਿਸਾਨਾਂ, ਯਾਤਰੀਆਂ ਅਤੇ ਆਮ ਲੋਕਾਂ ਲਈ ਖ਼ਾਸ ਧਿਆਨ ਦੇਣਯੋਗ ਹੈ।
ਵਿਭਾਗ ਮੁਤਾਬਤ 27 ਮਈ ਯਾਨੀ ਅੱਜ ਗੁਰਦਾਸਪੁਰ, ਹੋਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਪਟਿਆਲਾ, ਰਾਜਪੁਰਾ, ਪਠਾਨਕੋਟ, ਲੁਧਿਆਣਾ ਆਦਿ ਇਲਾਕਿਆਂ ਵਿੱਚ ਬਿਜਲੀ ਗਰਜਨ ਨਾਲ 50-60 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਜਲੰਧਰ, ਤਰਨ ਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਲਈ ਪੀਲਾ ਅਲਰਟ ਹੈ । ਉੱਥੇ ਹੀ 28 ਮਈ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਕੋਈ ਚੇਤਾਵਨੀ ਨਹੀਂ ਹੈ ਪਰ ਕਪੂਰਥਲਾ, ਗੁਰਦਾਸਪੁਰ ਅਤੇ ਹੋਸ਼ਿਆਰਪੁਰ ‘ਚ ਪੀਲਾ ਅਲਰਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ 29 ਮਈ ਨੂੰ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਹਿੱਸੇ ਜਿਵੇਂ ਗੁਰਦਾਸਪੁਰ, ਬਠਿੰਡਾ, ਮੋਗਾ, ਸੰਗਰੂਰ ਆਦਿ ‘ਚ ਤੇਜ਼ ਹਵਾਵਾਂ (50-60 ਕਿਮੀ/ਘੰਟਾ) ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ 30 ਤੇ 31 ਮਈ ਨੂੰ ਕੁਝ ਜ਼ਿਲ੍ਹਿਆਂ ‘ਚ ਪੀਲਾ ਅਲਰਟ ਕੀਤਾ ਗਿਆ ਹੈ।

