ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰਾਜ ਸਭਾ ਵਿੱਚ ਦਿੱਤੇ ਗਏ ਬਿਆਨ ਨੇ ਪੰਜਾਬ ਅਤੇ ਸਿੱਖ ਜਥੇਬੰਦੀਆਂ ਵਿੱਚ ਵਿਰੋਧ ਦੀ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਲੋਕ ਪੰਜਾਬ ‘ਚ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਸਮੇਂ ਉਹ ਅਸਾਮ ਦੀ ਜੇਲ੍ਹ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।
ਇਸ ਬਿਆਨ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ “ਸੱਥ” ਨੇ ਇਸ ਨੂੰ ਬਹੁਗਿਣਤੀ ਦੇ ਸਿਰ ਚੜੇ ਰਾਜ ਦੇ ਫਤੂਰ ਦਾ ਪ੍ਰਤੱਖ ਸਬੂਤ ਕਰਾਰ ਦਿੱਤਾ ਹੈ। ਜਥੇਬੰਦੀ ਮੁਤਾਬਕ, ਇਹ ਬਿਆਨ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਦਿੱਤਾ ਗਿਆ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਸਿੱਖ ਵੱਡੇ ਤੋਂ ਵੱਡੇ ਸੰਕਟ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਏ ਹਨ, ਅਤੇ ਅੱਜ ਵੀ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਲਈ ਗੁਰਬਾਣੀ ਹੀ ਸਭ ਤੋਂ ਵੱਡੀ ਆਤਮਿਕ ਤਾਕਤ ਬਣੀ ਹੋਈ ਹੈ।
ਵਿਦਿਆਰਥੀ ਜਥੇਬੰਦੀ ਨੇ ਦਲੀਲ ਦਿੱਤੀ ਕਿ 1947 ਦੀ ਵੰਡ ਮਗਰੋਂ ਸਿੱਖਾਂ ਨੇ ਨਵੇਂ ਗੁਲਾਮੀ ਦੌਰ ਦੀ ਸ਼ੁਰੂਆਤ ਵੇਖੀ, ਪਰ ਉਹ ਕਿਸੇ ਬਾਹਰੀ ਤਾਕਤ ਤੋਂ ਮਦਦ ਮੰਗਣ ਦੀ ਬਜਾਏ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਏ ਅਤੇ ਆਪਣੇ ਹੱਕ ਲਈ ਲੜੇ। ਜਥੇਬੰਦੀ ਨੇ ਇਹ ਵੀ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ “ਬੰਦੀ ਸਿੰਘ” ਕਈ ਸਰੀਰਕ ਯਾਤਨਾਵਾਂ ਝੱਲ ਰਹੇ ਹਨ, ਪਰ ਗੁਰਬਾਣੀ ਦੀ ਤਾਕਤ ਨਾਲ ਉਨ੍ਹਾਂ ਦਾ ਸੰਘਰਸ਼ ਅਟੱਲ ਹੈ। ਸੱਥ ਵਲੋਂ ਕਿਹਾ ਗਿਆ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਿਆਸੀ ਵਿਚਾਰਧਾਰਾ ਦੇ ਵਖਰੇਵੇ ਕਾਰਨ ਕੈਦ ਕੀਤੇ ਸਿੱਖ ਨੌਜਵਾਨ ਗੁਰਬਾਣੀ ਦਾ ਪਾਠ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਕੈਦੀਆਂ ਨੇ ਜੇਲ੍ਹ ਵਿੱਚ ਰਹਿੰਦੇ “ਸਾਬਤ ਸੂਰਤ” ਧਾਰਨ ਕੀਤੀ ਅਤੇ ਬਹੁਤੇ “ਅੰਮ੍ਰਿਤਧਾਰੀ” ਹੋਏ ਹਨ। ਪੇਸ਼ੀਆਂ ਦੌਰਾਨ ਜਦ ਪੂਛਗਿੱਛ ਕੀਤੀ ਜਾਂਦੀ ਹੈ, ਤਾਂ ਉਹ ਤਰਲੇ-ਮਿਨਤਾਂ ਜਾਂ ਰੋਣ-ਧੋਣ ਦੀ ਬਜਾਏ ਜੈਕਾਰੇ ਲਗਾਉਂਦੇ ਹਨ।
ਵਿਦਿਆਰਥੀ ਜਥੇਬੰਦੀ ਨੇ ਅਮਿਤ ਸ਼ਾਹ ਦੇ ਬਿਆਨ ਨੂੰ ਨਿਕਾਰਦੇ ਹੋਏ ਕਿਹਾ ਕਿ ਇਸ ਨੂੰ ਸਿੱਖ ਵਿਰੋਧੀ ਨਜ਼ਰੀਏ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਤਿਹਾਸ ਗਵਾਹ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਜਥੇਦਾਰਾਂ ਨੇ ਹਮੇਸ਼ਾ ਹੀ ਗੁਰਬਾਣੀ ਦੀ ਸ਼ਰਨ ਲਈ ਅਤੇ ਸੰਘਰਸ਼ ਨੂੰ ਆਤਮਿਕ ਤਾਕਤ ਨਾਲ ਜਾਰੀ ਰੱਖਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਜਥੇਬੰਦੀ ਵਲੋਂ ਦੱਸਿਆ ਗਿਆ ਕਿ ਲੋਕਤੰਤਰ ਦੀ ਸੰਸਦ ਵਿੱਚ ਗੁਰਬਾਣੀ ਪੜਨ ਨੂੰ ਟਿੱਚਰ ਕਰਕੇ ਪੇਸ਼ ਕਰਨਾ ਅਤੇ ਇਸ ਨੂੰ ਵਿਵਾਦ ਬਣਾਉਣਾ ਦੱਸਦਾ ਹੈ ਕਿ ਭਾਰਤ ਇੱਕਹਿਰੀ ਹਿੰਦੂ ਪਛਾਣ ਵੱਲ ਵਧ ਰਿਹਾ ਹੈ, ਜਿੱਥੇ ਵੱਖ ਵੱਖ ਕੌਮੀਅਤਾਂ ਦਾ ਸਾਹ ਘੁੱਟਣਾ ਲਾਜ਼ਮੀ ਬਣਾਇਆ ਜਾ ਰਿਹਾ ਹੈ। ਵਿਦਿਆਰਥੀ ਜਥੇਬੰਦੀ “ਸੱਥ” ਵਲੋਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਕੌਮ ਚੜਦੀ ਕਲਾ ਵਿੱਚ ਰਹੇ। ਉਨ੍ਹਾਂ ਨੇ ਅਪੀਲ ਕੀਤੀ ਕਿ ਹੁਕਮਰਾਨ ਇਹ ਸਮਝਣ ਕਿ ਆਜ਼ਾਦੀ ਅਤੇ ਗੁਲਾਮੀ ਧੁੱਪ-ਛਾਂ ਵਾਂਗ ਹੁੰਦੇ ਹਨ, ਸਮਾਂ ਪਲਟਦਿਆਂ ਦੇਰ ਨਹੀਂ ਲੱਗਦੀ।ਇਸ ਤਰ੍ਹਾਂ, ਗ੍ਰਹਿ ਮੰਤਰੀ ਦੇ ਬਿਆਨ ਨੇ ਸਿਰਫ ਰਾਜਨੀਤਿਕ ਹੀ ਨਹੀਂ, ਸਿੱਖ ਇਤਿਹਾਸ, ਧਾਰਮਿਕ ਭਾਵਨਾਵਾਂ ਅਤੇ ਗੁਰਬਾਣੀ ਨਾਲ ਜੁੜੇ ਵਿਸ਼ਿਆਂ ਨੂੰ ਵੀ ਨਵੀਂ ਚਰਚਾ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
