ਬਠਿੰਡਾ: ਭਰਜਾਈ ਕਮਲ ਕੌਰ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਬਠਿੰਡਾ ਪੁਲਸ ਦੀ ਇੱਕ ਐਡਵਾਂਸ ਟੀਮ ਅੰਮ੍ਰਿਤ ਪਾਲ ਸਿੰਘ ਮਹਿਰੋਂ ਨੂੰ ਦਿੱਲੀ ਤੋਂ ਬਠਿੰਡਾ ਲਿਆ ਰਹੀ ਹੈ। ਅੰਮ੍ਰਿਤਪਾਲ ਮਹਿਰੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਫ਼ਰਾਰ ਹੋ ਗਿਆ ਸੀ। ਪੰਜਾਬ ਦੀ ਕਾਊਂਟਰ ਇੰਟੈਲਜੈਂਸ ਵਿੰਗ ਦੇ OFTEC ਸੈੱਲ ਰਾਹੀਂ ਉਸ ਦੀ ਗ੍ਰਿਫ਼ਿਤਾਰੀ ਹੋਈ।
ਵਾਰਦਾਤ ਤੋਂ ਬਾਅਦ ਹੋ ਗਿਆ ਸੀ ਫ਼ਰਾਰ
ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਸਿੰਘ ਮਹਿਰੋਂ ‘ਤੇ ਭਰਜਾਈ ਕਮਲ ਕੌਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਹੈ। ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਦੋਸ਼ੀ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਦੁਬਈ (UAE) ਭੱਜ ਗਿਆ ਸੀ। ਬਠਿੰਡਾ ਪੁਲਸ ਲਗਾਤਾਰ ਉਸ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਅਤੇ ਉੱਚ ਅਧਿਕਾਰੀਆਂ ਰਾਹੀਂ ਰਾਬਤਾ ਕਾਇਮ ਕਰ ਰਹੀ ਸੀ। ਅੰਮ੍ਰਿਤਪਾਲ ਸਿੰਘ ਨੂੰ ਭਾਰਤ ਲਿਆਂਦੇ ਜਾਣ ਤੋਂ ਬਾਅਦ ਬਠਿੰਡਾ ਪੁਲਸ ਦੀ ਇੱਕ ਅਗਾਊਂ ਟੀਮ ਦਿੱਲੀ ਪਹੁੰਚੀ, ਜੋ ਉਸ ਨੂੰ ਹੁਣ ਪੰਜਾਬ ਲਿਆ ਰਹੀ ਹੈ।
ਬਠਿੰਡਾ ਲਿਆਉਣ ਤੋਂ ਬਾਅਦ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਵੱਲੋਂ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਕਤਲ ਦੇ ਕਾਰਨਾਂ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਹੋਰ ਪਹਿਲੂਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਗ੍ਰਿਫ਼ਤਾਰੀ ਨੂੰ ਬਠਿੰਡਾ ਪੁਲਸ ਲਈ ਇੱਕ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ, ਕਿਉਂਕਿ ਕਾਫੀ ਸਮੇਂ ਤੋਂ ਦੋਸ਼ੀ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ।
