ਅੰਮ੍ਰਿਤਸਰ: ਪਾਕਿਸਤਾਨੀ ਨਾਗਰਿਕ ਦੀ ਗ੍ਰਿਫ਼ਤਾਰੀ, ਕਿਵੇਂ ਤੇ ਕਿਉਂ ਭਾਰਤ ਦਾਖਲ ਹੋਇਆ, ਖੂਫ਼ੀਆ ਏਜੰਸੀ ਦੀ ਤਹਕੀਕਾਤ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿੱਚ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਇਸ ਸਾਂਝੇ ਆਪ੍ਰੇਸ਼ਨ ਵਿੱਚ ਸੋਮਵਾਰ ਰਾਤ ਨੂੰ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਵਿੱਚ BSF ਨੂੰ ਸਫਲਤਾ ਮਿਲੀ। ਇਹ ਨਾਗਰਿਕ ਪਾਕਿਸਤਾਨ ਤੋਂ ਭਾਰਤੀ ਸਰਹੱਦ ਪਾਰ ਕਰਕੇ ਕੰਡਿਆਲੀ ਤਾਰ ਦੇ ਨੇੜੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਹਮਜ਼ਾ ਪੁੱਤਰ ਆਬਿਦ ਹੁਸੈਨ, ਵਾਸੀ ਪਿੰਡ ਮੋਜ਼ਾ ਸਰਦਾਰਗੜ੍ਹ ਜ਼ਿਲ੍ਹਾ ਰਹੀਮ ਯਾਰ ਖਾਨ ਪਾਕਿਸਤਾਨ ਵਜੋਂ ਹੋਈ ਹੈ। ਮੁਹੰਮਦ ਨੂੰ ਬੀਤੀ ਰਾਤ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਬਾਰਡਰ ਆਊਟ ਪੋਸਟ (BOP) ਭਰੋਪਾਲ ਦੇ ਨੇੜੇ ਹਿਰਾਸਤ ਵਿੱਚ ਲਿਆ ਗਿਆ ਸੀ।

ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਘਰਿੰਡਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 72 ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਮਾਮਲਾ ਵਿਦੇਸ਼ੀ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3/34/20 ਤਹਿਤ ਦਰਜ ਕੀਤਾ ਗਿਆ ਹੈ।

ਇਹ ਮਾਮਲਾ ਬੀਐਸਐਫ ਦੇ ਸਹਾਇਕ ਕਮਾਂਡੈਂਟ ਦਿਲਸੁਖ ਸੈਣੀ ਦੇ ਬਿਆਨ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਪਾਕਿਸਤਾਨੀ ਨਾਗਰਿਕ ਕਿਵੇਂ ਅਤੇ ਕਿਸ ਮਕਸਦ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ। ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਅਤੇ ਉਸ ਦੇ ਭਾਰਤ ਆਉਣ ਦੇ ਉਦੇਸ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਹਰ ਪਹਿਲੂ ਤੋਂ ਇਸ ਦੀ ਜਾਂਚ ਕਰ ਰਹੀਆਂ ਹਨ।

ਪੰਜਾਬ ਇੱਕ ਸਰੱਹਦੀ ਸੂਬਾ ਹੈ। ਇਥੇ ਦਹਿਸ਼ਤਰਗਰਦ ਅਤੇ ਨਸ਼ਾ ਤਸਕਰਾਂ ਦੀਆਂ ਆਏ ਦਿਨ ਕੋਈ ਨਾ ਕੋਈ ਖ਼ਬਰ ਸੁਣਨ ਨੂੰ ਮਿਲਦੀ ਹੈ। ਪੰਜਾਬ ਦੇ ਨਾਲ ਕਰੀਬ 500 ਕਿਲੋਮੀਟਰ ਕੌਮਾਂਤਰੀ ਬਾਰਡਰ ਲਗਦਾ ਹੈ। ਜਿਸ ਨੂੰ ਲੈ ਕੇ ਕੇਂਦਰ ਦੀ ਏਜੰਸੀਆਂ ਹਮੇਸ਼ਾ ਚੌਕਸ ਰਹਿੰਦੀਆਂ ਹਨ।

By Gurpreet Singh

Leave a Reply

Your email address will not be published. Required fields are marked *