ਚੰਡੀਗੜ੍ਹ : ਪੰਜਾਬ ਇਸ ਵੇਲੇ ਭਿਆਨਕ ਬਾਢ਼ੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਘਰ ਡਿੱਗ ਗਏ ਹਨ, ਖੇਤ ਖਾਲੀ ਹੋ ਗਏ ਹਨ ਅਤੇ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ ਹਨ। ਇਸ ਮੁਸ਼ਕਲ ਘੜੀ ਵਿੱਚ ਜਿੱਥੇ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਜੁਟਿਆ ਹੋਇਆ ਹੈ, ਉੱਥੇ ਹੀ ਪੰਜਾਬ ਦੇ ਲੋਕ ਵੀ ਇਕ-ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ।
ਇਸੇ ਪ੍ਰਸੰਗ ਵਿੱਚ ਸੂਬੇ ਦੇ ਆਗੂਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਵਸਦੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ। ਉਹਨਾਂ ਨੇ ਕਿਹਾ ਕਿ ਪੰਜਾਬ ਹਮੇਸ਼ਾਂ ਦੇਸ਼ ਉੱਤੇ ਆਈ ਹਰ ਮੁਸੀਬਤ ਵਿੱਚ ਆਪਣਾ ਖੂਨ-ਪਸੀਨਾ ਵਾਰ ਕੇ ਖੜ੍ਹਾ ਰਿਹਾ ਹੈ ਅਤੇ ਹੁਣ ਜਦੋਂ ਪੰਜਾਬ ਆਪ ਸੰਕਟ ਵਿੱਚ ਹੈ ਤਾਂ ਦੇਸ਼ਵਾਸੀਆਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਨੇ ਇਸ ਸੰਬੰਧ ਵਿੱਚ ਵੱਡਾ ਐਲਾਨ ਕੀਤਾ ਹੈ। ਪਾਰਟੀ ਦੇ ਸਾਰੇ ਸਾਂਸਦ ਅਤੇ ਵਿਧਾਇਕ ਆਪਣੀ ਇੱਕ ਮਹੀਨੇ ਦੀ ਤਨਖਾਹ ਪੰਜਾਬ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਜਮ੍ਹਾਂ ਕਰਵਾ ਰਹੇ ਹਨ। ਇਸ ਕਦਮ ਦਾ ਮਕਸਦ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤੀ ਦੇਣਾ ਅਤੇ ਪੀੜਤ ਪਰਿਵਾਰਾਂ ਤੱਕ ਤੁਰੰਤ ਮਦਦ ਪਹੁੰਚਾਉਣਾ ਹੈ।
ਆਗੂਆਂ ਨੇ ਸਪੱਸ਼ਟ ਕਿਹਾ ਕਿ ਇਹ ਸਮਾਂ ਰਾਜਨੀਤਕ ਜਾਂ ਨਿੱਜੀ ਹਿਤਾਂ ਲਈ ਨਹੀਂ, ਸਗੋਂ ਇੱਕ ਹੋ ਕੇ ਪੰਜਾਬ ਨੂੰ ਇਸ ਭਿਆਨਕ ਤ੍ਰਾਸਦੀ ਤੋਂ ਉਬਾਰਨ ਲਈ ਯਤਨ ਕਰਨ ਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਮਰੱਥਾ ਅਨੁਸਾਰ ਪੰਜਾਬ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਯੋਗਦਾਨ ਪਾ ਕੇ ਜਾਂ ਸਿੱਧੇ ਤੌਰ ‘ਤੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਕੇ ਆਪਣਾ ਫਰਜ਼ ਨਿਭਾਇਆ ਜਾਵੇ।
