ਜ਼ੀਰਕਪੁਰ, 03 ਮਾਰਚ (ਗੁਰਪ੍ਰੀਤ ਸਿੰਘ): ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਨੇ ਅਟਲ ਟਿੰਕਰਿੰਗ ਲੈਬ ਵਿੱਚ ਅਰਡਿਊਨੋ ਯੂਨੋ ਮਾਈਕ੍ਰੋਕੰਟ੍ਰੋਲਰ ‘ਤੇ ਇੱਕ ਰੋਚਕ ਵਰਕਸ਼ਾਪ ਕਰਵਾਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕਸ ਅਤੇ ਪ੍ਰੋਗਰਾਮਿੰਗ ਦੀ ਮੁੱਢਲੀ ਜਾਣਕਾਰੀ ਦੇਣਾ ਅਤੇ ਅਰਡਿਊਨੋ ਟੈਕਨੌਲੋਜੀ ਦੇ ਵਡ਼ਮੁੱਲੇ ਉਪਯੋਗਾਂ ਨਾਲ ਜਾਣੂ ਕਰਵਾਉਣਾ ਸੀ।

ਇਸ ਸੈਸ਼ਨ ਦੀ ਸ਼ੁਰੂਆਤ ਅਰਡਿਊਨੋ ਯੂਨੋ ਮਾਈਕ੍ਰੋਕੰਟ੍ਰੋਲਰ ਦੀ ਜਾਣਕਾਰੀ ਨਾਲ ਹੋਈ, ਜਿਸ ਵਿਚ ਇਸ ਦੇ ਹਿੱਸੇ ਡਿਜੀਟਲ/ਐਨਾਲਾਗ ਪਿੰਨ, ਪਾਵਰ ਸੋਰਸਿਜ਼ ਅਤੇ ਰੋਬੋਟਿਕਸ ਅਤੇ ਆਟੋਮੇਸ਼ਨ ਵਿਚ ਇਸ ਦੀ ਭੂਮਿਕਾ ਬਾਰੇ ਦੱਸਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ ਅਤੇ ਕੋਡਿੰਗ ਦੇ ਮੁੱਢਲੇ ਸਿਧਾਂਤਾਂ ਜਿਵੇਂ ਕਿ ਲੂਪਸ, ਵੇਰੀਏਬਲਸ ਅਤੇ ਫੰਕਸ਼ਨਸ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਦੇ ਨਾਲ ਹੀ ਬੱਚਿਆਂ ਨੇ ਆਪਣਾ ਪਹਿਲਾ ਪ੍ਰੋਗਰਾਮ ਲਿਖਿਆ ਜਿਸ ਨਾਲ ਐਲ ਈ ਡੀ ਨੂੰ ਕੰਟਰੋਲ ਕੀਤਾ ਗਿਆ ਅਤੇ ਇੱਕ ਬਲਿੰਕਿੰਗ ਐਲ ਈ ਡੀ ਸਰਕਟ ਬਣਾਇਆ, ਜਿਸ ਨਾਲ ਉਨ੍ਹਾਂ ਨੇ ਹਾਰਡਵੇਅਰ – ਸਾਫਟਵੇਅਰ ਇੰਟੀਗ੍ਰੇਸ਼ਨ ਬਾਰੇ ਸਮਝ ਹਾਸਲ ਕੀਤੀ।

ਵਰਕਸ਼ਾਪ ਵਿਚ ਸੈਂਸਰਸ ਜਿਵੇਂ ਕਿ ਲਾਈਟ ਅਤੇ ਟੈਂਪਰੇਚਰ ਸੈਂਸਰਸ ਦੀ ਵਰਤੋਂ ਕਰਕੇ ਰੀਅਲ-ਵਰਲਡ ਆਟੋਮੇਸ਼ਨ ਦੀ ਵੀ ਜਾਣਕਾਰੀ ਦਿਤੀ ਗਈ। ਇਸ ਦੌਰਾਨ ਭਵਿੱਖ ਦੀਆਂ ਨਵੀਨਤਾਵਾਂ ਬਾਰੇ ਚਰਚਾ ਕਰਕੇ ਵਿਦਿਆਰਥੀਆਂ ਨੂੰ ਉੱਨਤ ਪ੍ਰੋਜੈਕਟਸ ਬਾਰੇ ਖੋਜ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਡਾ. ਮਨੀਸ਼ਾ ਸਾਹਨੀ ਨੇ ਕਿਹਾ ਕਿ ਇਹ ਵਰਕਸ਼ਾਪ ਸਾਡੇ ਵਿਦਿਆਰਥੀਆਂ ਨੂੰ ਅਪ ਟੂ ਡੇਟ ਕਰਦੇ ਹੋਏ ਲੋੜੀਂਦੇ ਹੁਨਰ ਅਤੇ ਜਾਣਕਾਰੀ ਨਾਲ ਲੈਸ ਕਰਨ ਦੀ ਇੱਕ ਪਹਿਲਕਦਮੀ ਹੈ।
