ਅਟਾਰੀ ਦੇ ਸਰਪੰਚ ਤੇ ਤੀਜੀ ਵਾਰ ਹਮਲਾ, ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਬਣਾਇਆ ਨਿਸ਼ਾਨਾ

ਗੁਰਪ੍ਰੀਤ ਸਿੰਘ :- ਸਰਹੱਦ ਪਾਰੋਂ ਨਸ਼ਾ ਤਸਕਰੀ ਨਾਲ ਜੂਝ ਰਹੇ ਅਟਾਰੀ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਆਪਣੇ ’ਤੇ ਤੀਜੀ ਵਾਰ ਹਮਲਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਿਰੋਧੀ ਮੁਹਿੰਮ ਤਹਿਤ ਉਹ ਖੁੱਲ੍ਹੇਆਮ ਨਸ਼ਾ ਤਸਕਰਾਂ ਦਾ ਪਰਦਾਫ਼ਾਸ਼ ਕਰਦੇ ਆ ਰਹੇ ਹਨ ਜਿਨ੍ਹਾਂ ਵੱਲੋਂ ਹੁਣ ਉਨ੍ਹਾਂ ’ਤੇ ਅਤੇ ਸਮਰਥਕ ਉਪਰ ਹਮਲਾ ਕੀਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ ਮੌਜੂਦਾ ਵਰ੍ਹੇ ਜਨਵਰੀ ਤੋਂ ਵੱਖ ਵੱਖ ਏਜੰਸੀਆਂ ਨੇ ਪਾਕਿਸਤਾਨ ਤੋਂ ਤਸਕਰੀ ਰਾਹੀਂ ਪੁੱਜੀ 426 ਕਿਲੋ ਹੈਰੋਇਨ ਅਤੇ 17 ਕਿਲੋਗ੍ਰਾਮ ਆਈਸ ਬਰਾਮਦ ਕੀਤੀ ਹੈ। ਹਰਪ੍ਰੀਤ ਨੇ ਕਿਹਾ ਕਿ ਉਸ ਦਾ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਭਰੋਸਾ ਉੱਠ ਗਿਆ ਹੈ ਕਿਉਂਕਿ ਪਹਿਲਾਂ ਦੋ ਹਮਲਿਆਂ ਦੀ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ। ਆਪਣੇ ਇੰਸਟਾਗ੍ਰਾਮ ਖਾਤੇ ’ਤੇ ਅਪਲੋਡ ਕੀਤੀ ਗਈ ਵੀਡੀਓ ’ਚ ਸਰਪੰਚ ਨੇ ਨਸ਼ਿਆਂ ਦੀ ਵਿਕਰੀ ਅਤੇ ਤਸਕਰੀ ’ਚ ਸ਼ਾਮਲ ਕਈ ਵਿਅਕਤੀਆਂ ਦੇ ਨਾਮ ਲਏ ਹਨ। ਉਨ੍ਹਾਂ ਕਿਹਾ, ‘‘ਪਿੰਡ ’ਚ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਮੈਂ ਲੰਮੇ ਸਮੇਂ ਤੋਂ ਆਵਾਜ਼ ਬੁਲੰਦ ਕਰ ਰਿਹਾ ਹਾਂ, ਜਿਸ ਕਾਰਨ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਮਕੀਆਂ ਦੇ ਬਾਵਜੂਦ ਮੈਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗਾ।’’

ਅੰਮ੍ਰਿਤਸਰ (ਦਿਹਾਤੀ) ਐੱਸ ਐੱਸ ਪੀ ਕੰਵਲਪ੍ਰੀਤ ਸਿੰਘਾ ਚਾਹਲ ਨੇ ਸਰਪੰਚ ਦੇ ਵੀਡੀਓ ਅਤੇ ਉਸ ’ਚ ਲਾਏ ਗਏ ਦੋਸ਼ਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਉਹ ਵੀਡੀਓ ਦੀ ਪੜਤਾਲ ਮਗਰੋਂ ਢੁਕਵੀਂ ਕਾਰਵਾਈ ਕਰਨਗੇ। ਐੱਸ ਐੱਸ ਪੀ ਨੇ ਚਿਤਾਵਨੀ ਦਿੱਤੀ ਕਿ ਨਸ਼ਿਆਂ ਦੇ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਅਟਾਰੀ ਦੇ ਡੀ ਐੱਸ ਪੀ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹ ਹਰਪ੍ਰੀਤ ਵੱਲੋਂ ਹੁਣ ਲਾਏ ਗਏ ਦੋਸ਼ਾਂ ਅਤੇ ਪਿਛਲੀਆਂ ਸ਼ਿਕਾਇਤਾਂ ਦੀ ਜਾਂਚ ਕਰਨਗੇ। ਹਰਪ੍ਰੀਤ ਨੇ ਦੋਸ਼ ਲਾਇਆ ਕਿ ਪਿੰਡ ’ਚ ਪਹਿਲਾਂ ਹੀ ਨਸ਼ਿਆਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਵਾਰ-ਵਾਰ ਮੁੱਦਾ ਚੁੱਕੇ ਜਾਣ ਦੇ ਬਾਵਜੂਦ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ।

ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਅੰਦਾਜ਼ਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਾਰੀ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ। ਪਹਿਲੀ ਮਾਰਚ 2025 ਤੋਂ ਜਾਰੀ ਮੁਹਿੰਮ ਤਹਿਤ ਇਸ ਵਰ੍ਹੇ 29 ਜੁਲਾਈ ਤੱਕ 4 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਜਦਕਿ 71,919 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਐੱਨ ਡੀ ਪੀ ਐੱਸ ਐਕਟ ਤਹਿਤ 54,687 ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਹਨ। ਸਰਹੱਦੀ ਜ਼ਿਲ੍ਹਿਆਂ ’ਚ ਪੁਲੀਸ ਨੇ 483 ਡਰੋਨ ਬਰਾਮਦ ਕੀਤੇ ਹਨ ਜਿਨ੍ਹਾਂ ਰਾਹੀਂ 755 ਕਿਲੋਗ੍ਰਾਮ ਹੈਰੋਇਨ ਲਿਆਂਦੀ ਗਈ ਸੀ।

ਅਧਿਕਾਰੀਆਂ ਨੇ ਨਸ਼ਾ ਨੈੱਟਵਰਕ ਦੇ ਸਰਗਨਿਆਂ ਨੂੰ ਨਿਸ਼ਾਨਾ ਬਣਾਉਂਦਿਆਂ 648 ‘ਵੱਡੀਆਂ ਮੱਛੀਆਂ’ ਦੀ ਪਛਾਣ ਕੀਤੀ ਹੈ। ਹੁਣ ਤੱਕ 3,448 ਕਿਲੋਗ੍ਰਾਮ ਹੈਰੋਇਨ, 61 ਕਿਲੋਗ੍ਰਾਮ ਆਈਸ, 42 ਟਨ ਭੁੱਕੀ, 871 ਕਿਲੋਗ੍ਰਾਮ ਅਫ਼ੀਮ, 1,180 ਕਿਲੋਗ੍ਰਾਮ ਗਾਂਜਾ, 93 ਕਿਲੋਗ੍ਰਾਮ ਚਰਸ ਅਤੇ ਪੰਜ ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ

By Gurpreet Singh

Leave a Reply

Your email address will not be published. Required fields are marked *