ਪੰਜਾਬ ਯੂਨੀਵਰਸਿਟੀ ‘ਚ ਫਾਹੇ ਨਾਲ ਲਟਕਦਾ ਮਿਲਿਆ ਵਿਦਿਆਰਥੀ

ਗੁਰਪ੍ਰੀਤ ਸਿੰਘ :- ਪੰਜਾਬ ਯੂਨੀਵਰਸਿਟੀ (PU) ਕੈਂਪਸ ਵਿੱਚ ਸ਼ਨੀਵਾਰ ਦੇਰ ਰਾਤ ਇੱਕ 22 ਸਾਲਾ ਵਿਦਿਆਰਥੀ ਦੀ ਲਾਸ਼ ਹੋਸਟਲ ਦੇ ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਚੈਤੰਨਿਆ ਸਿੰਘ ਵਜੋਂ ਹੋਈ ਹੈ, ਜੋ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ BA-LLB ਪੰਜਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਮੁੱਢਲੀ ਜਾਣਕਾਰੀ ਮੁਤਾਬਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਵਿਦਿਆਰਥੀ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਚੈਤੰਨਿਆ ਦੇ ਪਰਿਵਾਰਕ ਮੈਂਬਰ ਸ਼ਨੀਵਾਰ ਸਵੇਰ ਤੋਂ ਹੀ ਉਸ ਨੂੰ ਲਗਾਤਾਰ ਫੋਨ ਕਰ ਰਹੇ ਸਨ, ਪਰ ਉਸ ਨੇ ਕਿਸੇ ਵੀ ਕਾਲ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਰਾਤ ਕਰੀਬ 8 ਵਜੇ ਉਸ ਦੇ ਸਾਥੀ ਵਿਦਿਆਰਥੀ ਹੋਸਟਲ ਦੇ ਕਮਰੇ ਵਿੱਚ ਪਹੁੰਚੇ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫ਼ੀ ਦੇਰ ਤੱਕ ਆਵਾਜ਼ਾਂ ਮਾਰਨ ਦੇ ਬਾਵਜੂਦ ਦਰਵਾਜ਼ਾ ਨਾ ਖੁੱਲ੍ਹਣ ’ਤੇ ਉਸ ਨੂੰ ਤੋੜਿਆ ਗਿਆ। ਅੰਦਰ ਚੈਤੰਨਿਆ ਪੱਖੇ ਨਾਲ ਚਾਦਰ ਦੇ ਫਾਹੇ ’ਤੇ ਲਟਕਿਆ ਮਿਲਿਆ।

ਸੁਰੱਖਿਆ ਗਾਰਡ ਅਤੇ ਹੋਰ ਵਿਦਿਆਰਥੀਆਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ ਅਤੇ ਤੁਰੰਤ ਐਂਬੂਲੈਂਸ ਰਾਹੀਂ PGI ਐਮਰਜੈਂਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਰਾਤ ਕਰੀਬ ਪੌਣੇ 11 ਵਜੇ CFSL ਟੀਮ ਨੂੰ ਵੀ ਹੋਸਟਲ ਬੁਲਾਇਆ ਗਿਆ। ਟੀਮ ਵੱਲੋਂ ਕਮਰੇ ਵਿੱਚੋਂ ਫਿੰਗਰਪ੍ਰਿੰਟਸ ਅਤੇ ਹੋਰ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ।

ਪੁਲਿਸ ਨੇ ਵਿਦਿਆਰਥੀ ਦਾ ਮੋਬਾਈਲ ਫੋਨ ਅਤੇ ਕਮਰੇ ਵਿੱਚ ਮੌਜੂਦ ਹੋਰ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਫਿਲਹਾਲ ਪੁਲਿਸ ਵੱਲੋਂ ਚੈਤੰਨਿਆ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੋਬਾਈਲ ਫੋਨ, ਕਾਲ ਡਿਟੇਲ, ਚੈਟ ਅਤੇ ਹੋਸਟਲ ਦੀ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *