ਸਾਵਧਾਨ ਪੰਜਾਬੀਓ, ਵਿਜ਼ੀਬਿਲਟੀ ਹੋਈ ‘ਜ਼ੀਰੋ’, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਲਓ ਇਹ ਖ਼ਬਰ

ਜਲੰਧਰ: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਕੜਾਕੇ ਦੀ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅੱਜ (ਐਤਵਾਰ) ਪੂਰੇ ਸੂਬੇ ਵਿੱਚ ਸੰਘਣੀ ਧੁੰਦ (ਕੋਹਰੇ) ਅਤੇ ਸ਼ੀਤ ਲਹਿਰ ਦਾ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 2.3 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਅਤੇ ਸ਼ਹੀਦ ਭਗਤ ਸਿੰਘ ਨਗਰ 4.4 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਰਿਹਾ ਹੈ।

ਧੁੰਦ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵਿਜ਼ੀਬਿਲਟੀ ‘ਜ਼ੀਰੋ’ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਵਿਜ਼ੀਬਿਲਟੀ ਕੇਵਲ 20 ਮੀਟਰ, ਪਟਿਆਲਾ ਵਿੱਚ 40 ਮੀਟਰ ਅਤੇ ਲੁਧਿਆਣਾ ਵਿੱਚ 50 ਮੀਟਰ ਰਹਿ ਗਈ। ਇਸ ਕਾਰਨ ਰੇਲ ਗੱਡੀਆਂ ਅਤੇ ਹਵਾਈ ਉਡਾਣਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ ਹਵਾਈ ਅੱਡੇ ’ਤੇ ਸਥਿਤੀ ਇੰਨੀ ਖ਼ਰਾਬ ਸੀ ਕਿ ਸੰਘਣੀ ਧੁੰਦ ਕਾਰਨ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਰਕੇ ਯਾਤਰੀਆਂ ਨਾਲ ਭਰੀ ਇੱਕ ਫਲਾਈਟ ਕਾਫੀ ਸਮੇਂ ਤੱਕ ਹਵਾ ਵਿੱਚ ਹੀ ਚੱਕਰ ਕੱਟਦੀ ਰਹੀ।

ਪੱਛਮੀ ਗੜਬੜੀ ਦਾ ਪ੍ਰਭਾਵ ਤੇ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਇੱਕ ਪੱਛਮੀ ਗੜਬੜੀ ਜੰਮੂ-ਕਸ਼ਮੀਰ ਤੱਕ ਪਹੁੰਚ ਗਈ ਹੈ, ਜਿਸ ਕਾਰਨ ਉੱਥੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇੱਕ ਹੋਰ ਪੱਛਮੀ ਗੜਬੜੀ 30 ਦਸੰਬਰ ਤੱਕ ਹਿਮਾਲੀਅਨ ਖੇਤਰ ਵਿੱਚ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲਵਾਈ ਰਹੇਗੀ। ਇਸ ਦੇ ਪ੍ਰਭਾਵ ਨਾਲ ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ।

ਜ਼ਿਲ੍ਹਿਆਂ ਅਨੁਸਾਰ ਮੌਸਮ ਦਾ ਹਾਲ:

ਬਹੁਤ ਸੰਘਣੀ ਧੁੰਦ : ਪਠਾਨਕੋਟ, ਗੁਰਦਾਸਪੁਰ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਕਈ ਥਾਵਾਂ ’ਤੇ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਸ਼ੀਤ ਲਹਿਰ ਤੇ ਧੁੰਦ : ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿੱਚ ਬਹੁਤ ਸੰਘਣੀ ਧੁੰਦ ਦੇ ਨਾਲ-ਨਾਲ ਸ਼ੀਤ ਲਹਿਰ ਚੱਲ ਸਕਦੀ ਹੈ।

ਧੁੰਦ ਦਾ ਅਸਰ: ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਵਿੱਚ ਸੰਘਣਾ ਕੋਹਰਾ ਅਤੇ ਸ਼ੀਤ ਲਹਿਰ, ਜਦਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਸੰਘਣੀ ਧੁੰਦ ਦੇ ਨਾਲ ਮੌਸਮ ਜ਼ਿਆਦਾਤਰ ਸੁੱਕਾ ਰਹੇਗਾ।

ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਤੱਕ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਤਿੰਨ ਦਿਨਾਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *