ਨੈਸ਼ਨਲ ਟਾਈਮਜ਼ ਬਿਊਰੋ :- ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ ਵੱਲੋਂ ਜਲੰਧਰ ਵਿੱਚ ਇੱਕ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸੰਸਥਾ ਨਾਲ ਜੁੜੇ ਜ਼ਮੀਨੀ ਪੱਧਰ ‘ਤੇ ਸਰਗਰਮ ਮੈਂਬਰਾਂ ਨੂੰ ਉਨ੍ਹਾਂ ਦੇ ਸਮਰਪਿਤ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਲੰਧਰ ਜੋਨ ਲੀਡਰ ਡਾ. ਪਰਸ਼ੋਤਮ ਚੰਦ ਅਤੇ ਉਨ੍ਹਾਂ ਦੀ ਟੀਮ ਨੂੰ ਮਰਦਾਂ ਦੇ ਅਧਿਕਾਰਾਂ ਅਤੇ ਨਿਆਂ ਲਈ ਕੀਤੇ ਜਾ ਰਹੇ ਕੰਮ ਦੇ ਲਈ ਅਵਾਰਡ ਪ੍ਰਦਾਨ ਕੀਤੇ ਗਏ।
ਮਰਦਾਂ ਦੇ ਅਧਿਕਾਰਾਂ ਲਈ ਲਗਾਤਾਰ ਸੰਘਰਸ਼ ਦੀ ਪ੍ਰਸ਼ੰਸਾ
ਸਮਾਗਮ ਦਾ ਮੁੱਖ ਮਕਸਦ ਉਹਨਾਂ ਕਾਰਕਕੁੰਨਾ ਦਾ ਹੌਸਲਾ ਵਧਾਉਣਾ ਸੀ, ਜੋ ਸਮਾਜ ਵਿੱਚ ਮਰਦਾਂ ਨਾਲ ਜੁੜੇ ਮਸਲਿਆਂ ‘ਤੇ ਨਿਰੰਤਰ ਕੰਮ ਕਰ ਰਹੇ ਹਨ। ਸੰਸਥਾ ਵੱਲੋਂ ਦੱਸਿਆ ਗਿਆ ਕਿ ਡਾ. ਪਰਸ਼ੋਤਮ ਚੰਦ ਦੀ ਅਗਵਾਈ ਹੇਠ ਟੀਮ ਨੇ ਕਈ ਮਾਮਲਿਆਂ ਵਿੱਚ ਪੀੜਤ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਕਾਨੂੰਨੀ ਰਹਿਨੁਮਾਈ, ਸਮਾਜਿਕ ਸਹਿਯੋਗ ਅਤੇ ਮਨੋਬਲ ਪ੍ਰਦਾਨ ਕਰਦੇ ਹੋਏ ਸੰਸਥਾ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਸੰਸਥਾ ਪ੍ਰਧਾਨ ਵੱਲੋਂ ਅਵਾਰਡ ਪ੍ਰਦਾਨ
ਸਮਾਗਮ ਦੌਰਾਨ ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਨਮੋਲ ਡਾਂਗ ਵੱਲੋਂ ਡਾ. ਪਰਸ਼ੋਤਮ ਚੰਦ ਦੀ ਟੀਮ—ਜਿਸ ਵਿੱਚ ਮਨਜੀਤ ਜੀ, ਕੰਚਨ ਸ਼ਰਮਾ, ਗੁਰਜੰਟ ਸਿੰਘ, ਗਗਨਦੀਪ ਜੀ ਸਮੇਤ ਹੋਰ ਸਰਗਰਮ ਮੈਂਬਰ ਸ਼ਾਮਲ ਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਨਵਾਜ਼ਿਆ ਗਿਆ।
ਸਮਾਜ ਵਿੱਚ ਜਾਗਰੂਕਤਾ ਵਧਾਉਣ ਦੀ ਅਪੀਲ
ਇਸ ਮੌਕੇ ਵਕਤਾਵਾਂ ਨੇ ਕਿਹਾ ਕਿ ਸਮਾਜ ਵਿੱਚ ਮਰਦਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸੰਵੇਦਨਸ਼ੀਲਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਪੀੜਤ ਪਰਿਵਾਰਾਂ ਨੂੰ ਸਮੇਂ ਸਿਰ ਨਿਆਂ ਅਤੇ ਸਹਿਯੋਗ ਮਿਲ ਸਕੇ। ਉਨ੍ਹਾਂ ਕਿਹਾ ਕਿ ਅਕਸਰ ਡਰ ਜਾਂ ਹਿਜਕ ਕਾਰਨ ਪੀੜਤ ਲੋਕ ਸਾਹਮਣੇ ਨਹੀਂ ਆਉਂਦੇ, ਜਿਸ ਕਰਕੇ ਸੰਸਥਾ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।
ਜਿੱਥੇ ਲੋੜ ਹੋਵੇਗੀ, ਉੱਥੇ ਟੀਮ ਹਾਜ਼ਰ ਰਹੇਗੀ
ਸੰਸਥਾ ਵੱਲੋਂ ਯਕੀਨ ਦਵਾਇਆ ਗਿਆ ਕਿ ਆਵਾਜ਼ ਪਾਵਰ ਆਫ਼ ਮੈਨ ਵੈਲਫੇਅਰ ਸੋਸਾਇਟੀ ਹਰ ਉਸ ਥਾਂ ਪਹੁੰਚੇਗੀ, ਜਿੱਥੇ ਮਦਦ ਦੀ ਲੋੜ ਹੋਵੇਗੀ ਅਤੇ ਪੀੜਤਾਂ ਦੀ ਆਵਾਜ਼ ਨੂੰ ਸਹੀ ਮੰਚ ਤੱਕ ਲਿਜਾਇਆ ਜਾਵੇਗਾ। ਸਮਾਗਮ ਦੇ ਅੰਤ ਵਿੱਚ ਸੰਸਥਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਨਮਾਨ ਸਮਾਗਮ ਨਿਰੰਤਰ ਕਰਵਾਏ ਜਾਣਗੇ, ਤਾਂ ਜੋ ਨਿਸ਼ਕਾਮ ਸੇਵਾ ਕਰਨ ਵਾਲੇ ਵਰਕਰਾਂ ਨੂੰ ਪ੍ਰੇਰਣਾ ਮਿਲੇ ਅਤੇ ਸਮਾਜ ਵਿੱਚ ਨਿਆਂ ਅਤੇ ਮਰਦਾਂ ਦੇ ਅਧਿਕਾਰਾਂ ਬਾਰੇ ਮਜ਼ਬੂਤ ਸੁਨੇਹਾ ਦਿੱਤਾ ਜਾ ਸਕੇ।
