ਨੈਸ਼ਨਲ ਟਾਈਮਜ਼ ਬਿਊਰੋ :- ਬਰਨਾਲਾ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਦੇਸ਼ ਭਰ ਵਿੱਚ ਫੈਲੇ ਇੱਕ ਅੰਤਰਰਾਜੀ ਠੱਗੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਫਰੈਂਚਾਈਜ਼ੀ ਦੇ ਨਾਂ ‘ਤੇ ਲੋਕਾਂ ਨੂੰ ਲੱਖਾਂ ਰੁਪਏ ਦੀ ਚੂਨਾ ਲਗਾਉਣ ਵਾਲੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਗਿਰੋਹ ਨਾਮੀ ਕੰਪਨੀਆਂ ਨਾਲ ਜੋੜ ਕੇ ਨਿਵੇਸ਼ ਦਾ ਝਾਂਸਾ ਦੇ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ।
ਬਰਨਾਲਾ ਵਾਸੀ ਦੀ ਸ਼ਿਕਾਇਤ ਤੋਂ ਖੁੱਲ੍ਹੀ ਪਰਤ
ਮਾਮਲੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਬਰਨਾਲਾ ਦੇ ਨਿਵਾਸੀ ਸੰਜੀਵ ਬੰਸਲ ਨੇ ਪੁਲਿਸ ਕੋਲ ਦਰਖ਼ਾਸਤ ਦਿੱਤੀ ਕਿ ਉਸ ਨਾਲ KIA ਕੰਪਨੀ ਦੀ ਫਰੈਂਚਾਈਜ਼ੀ ਦਿਵਾਉਣ ਦੇ ਬਹਾਨੇ ਕਰੀਬ 58 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਸ਼ਿਕਾਇਤ ਦੇ ਆਧਾਰ ‘ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਰਨਾਲਾ ਵਿੱਚ ਕੇਸ ਦਰਜ ਕਰਕੇ ਤਕਨੀਕੀ ਜਾਂਚ ਸ਼ੁਰੂ ਕੀਤੀ ਗਈ।
ਬਿਹਾਰ ਤੋਂ ਸ਼ੁਰੂ ਹੋਈਆਂ ਗ੍ਰਿਫ਼ਤਾਰੀਆਂ, ਕਰਨਾਟਕ ਤੱਕ ਪਹੁੰਚੀ ਜਾਂਚ
ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਪਹਿਲਾਂ ਦੋ ਮੁਲਜ਼ਮਾਂ—ਅਸ਼ੋਕ ਕੁਮਾਰ ਅਤੇ ਸ਼ਿਆਮ ਸੁੰਦਰ (ਵਾਸੀ ਬਿਹਾਰ)—ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਕਰਨਾਟਕ ਜੇਲ੍ਹ ‘ਚ ਬੰਦ ਪੰਜ ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬਰਨਾਲਾ ਲਿਆ ਕੇ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੀ ਉਮਰ 24 ਤੋਂ 30 ਸਾਲ ਦੇ ਵਿਚਕਾਰ ਦੱਸੀ ਗਈ ਹੈ।
ਕਈ ਰਾਜਾਂ ‘ਚ ਫੈਲਿਆ ਸੀ ਠੱਗੀ ਦਾ ਜਾਲ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਪੰਜਾਬ ਤੱਕ ਸੀਮਤ ਨਹੀਂ ਸੀ, ਸਗੋਂ ਤਾਮਿਲਨਾਡੂ, ਪੱਛਮੀ ਬੰਗਾਲ, ਬਿਹਾਰ, ਮਹਾਰਾਸ਼ਟਰ, ਹਰਿਆਣਾ, ਕਰਨਾਟਕ ਅਤੇ ਕੇਰਲ ਸਮੇਤ ਕਈ ਸੂਬਿਆਂ ਵਿੱਚ ਸਰਗਰਮ ਸੀ। ਇਨ੍ਹਾਂ ਵਿਰੁੱਧ ਵੱਖ-ਵੱਖ ਰਾਜਾਂ ਵਿੱਚ ਪਹਿਲਾਂ ਹੀ 6 ਕੇਸ ਦਰਜ ਹਨ, ਜਦਕਿ 29 ਸ਼ਿਕਾਇਤਾਂ ਪੁਲਿਸ ਦੇ ਰਿਕਾਰਡ ‘ਚ ਮੌਜੂਦ ਹਨ।
ਫਰੈਂਚਾਈਜ਼ੀ ਤੋਂ ਲੈ ਕੇ ਆਨਲਾਈਨ ਲੋਨ ਤੱਕ ਕਰਦੇ ਸਨ ਠੱਗੀ
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸਿਰਫ਼ ਕਾਰ ਕੰਪਨੀਆਂ ਦੀ ਫਰੈਂਚਾਈਜ਼ੀ ਹੀ ਨਹੀਂ, ਸਗੋਂ ਸਸਤਾ ਸਟੀਲ, ਪਸ਼ੂ ਖੁਰਾਕ, ਸੀਮਿੰਟ ਸਪਲਾਈ, ਆਨਲਾਈਨ ਲੋਨ ਅਤੇ ਹੋਟਲ ਬੁਕਿੰਗ ਵਰਗੀਆਂ ਸਕੀਮਾਂ ਦੇ ਨਾਂ ‘ਤੇ ਵੀ ਲੋਕਾਂ ਨੂੰ ਠੱਗਦੇ ਰਹੇ ਹਨ।
23 ਲੱਖ ਫ੍ਰੀਜ਼, 20 ਲੱਖ ਵਾਪਸ ਕਰਵਾਏ
ਪੁਲਿਸ ਨੇ ਕਾਰਵਾਈ ਕਰਦਿਆਂ ਹੁਣ ਤੱਕ 23 ਲੱਖ ਰੁਪਏ ਦੀ ਰਕਮ ਫ੍ਰੀਜ਼ ਕਰਵਾ ਦਿੱਤੀ ਹੈ, ਜਦਕਿ 20 ਲੱਖ ਰੁਪਏ ਸ਼ਿਕਾਇਤਕਰਤਾ ਦੇ ਖਾਤੇ ਵਿੱਚ ਵਾਪਸ ਟ੍ਰਾਂਸਫਰ ਕਰਵਾਏ ਜਾ ਚੁੱਕੇ ਹਨ। ਮੁਲਜ਼ਮਾਂ ਵਿਰੁੱਧ ਬੀ.ਐਨ.ਐਸ. ਦੀਆਂ ਧਾਰਾਵਾਂ 318(4), 61(2) ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ।
ਹੋਰ ਖੁਲਾਸਿਆਂ ਦੀ ਉਮੀਦ: ਡੀ.ਐਸ.ਪੀ.
ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਇਹ ਇੱਕ ਸੁਚੱਜਾ ਅਤੇ ਵੱਡੇ ਪੱਧਰ ‘ਤੇ ਕੰਮ ਕਰ ਰਿਹਾ ਅੰਤਰਰਾਜੀ ਗਿਰੋਹ ਹੈ। ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਪੁਲਿਸ ਸਾਈਬਰ ਅਪਰਾਧੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾ ਰਹੀ ਹੈ।
