ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ, ਇਹ ਬਾਣੀ ਦੀਆਂ ਤੁੱਕਾਂ ਕਿਤੇ ਨਾ ਕਿਤੇ ਇਹ ਦ੍ਰਿਸ਼ ਤੇ ਢੁੱਕਦੀਆਂ ਹਨ। ਪੜ੍ਹੋ!
ਅੰਮ੍ਰਿਤਸਰ,ਕਰਨਵੀਰ ਸਿੰਘ (ਨੈਸ਼ਨਲ ਟਾਈਮਜ਼ ਬਿਊਰੋ) :- ਡੇਰਾ ਬਿਆਸ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਅੱਜ ਕਾਲਾ ਘਨੁਪੁਰ ਸਤਸੰਗ ਘਰ ਵਿਖੇ ਸੰਗਤਾਂ ਨੂੰ ਦਰਸ਼ਨ ਬਖਸ਼ੇ। ਬਾਬਾ ਜੀ ਸਵੇਰੇ 9:40 ਵਜੇ ਸਤਸੰਗ ਘਰ ਪਹੁੰਚੇ, ਜਿੱਥੇ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਉਨ੍ਹਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ।
ਇਹ ਦ੍ਰਿਸ਼ ਦੇਖਣਯੋਗ ਸੀ। ਸੰਗਤ ਆਤਮਿਕ ਸ਼ਾਂਤੀ ਤੇ ਅਨੁਸ਼ਾਸਨ ਦੀ ਪ੍ਰਤੀਕ ਬਣੀ ਹੋਈ ਸੀ। ਹਰ ਵਿਅਕਤੀ ਸ਼ਾਂਤੀ ਅਤੇ ਸ਼ਰਧਾ ਨਾਲ ਬੈਠਾ, ਸਤਿਗੁਰੂ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ। ਨਾ ਕੋਈ ਸ਼ੋਰ, ਨਾ ਕੋਈ ਹਲਚਲ—ਸਭ ਦੇ ਚਿਹਰੇ ‘ਤੇ ਇਕੋ ਇਕ ਉਡੀਕ, ਇਕੋ ਇਕ ਅਰਮਾਨ, ਆਪਣੇ ਸਤਿਗੁਰੂ ਦੀ ਇੱਕ ਝਲਕ ਪਾਉਣ ਦਾ। ਜਦੋਂ ਬਾਬਾ ਜੀ ਸੰਗਤ ਵਿਚ ਦਰਸ਼ਨ ਦੇਣ ਆਏ ਤੇ ਕਈਆਂ ਦੀਆਂ ਅੱਖਾਂ ਵਿੱਚ ਹੰਜੂ ਆ ਗਏ, ਇੰਜ ਦਿੱਖ ਰਿਹਾ ਸੀ ਕਿ ਜਿਵੇਂ, ਕਈ ਜਨਮਾਂ ਤੋਂ ਵਿਛੜੀ ਰੂਹਾਂ ਨੂੰ ਪ੍ਰੀਤਮ ਮਿਲ ਗਿਆ ਹੋਵੇ।
ਜਦੋਂ ਬਾਬਾ ਜੀ ਸੰਗਤ ਨੂੰ ਦਰਸ਼ਨ ਦੇ ਰਹੇ ਸਨ, ਉਨ੍ਹਾਂ ਵੱਲ ਦੇਖ ਰਹੀ ਸੰਗਤ ਹੱਥ ਜੋੜੇ, ਪੂਰੇ ਪਿਆਰ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ਨਿਹਾਰ ਰਹੀ ਸੀ। ਹਜ਼ਾਰਾਂ ਦੀ ਗਿਣਤੀ ਹੋਣ ਦੇ ਬਾਵਜੂਦ, ਨਾ ਕੋਈ ਹਲਚਲ, ਨਾ ਹੀ ਕੋਈ ਬੇਅਨਜ਼ਮੀ। ਸਭ ਕੁਝ ਬਹੁਤ ਹੀ ਵਿਵਸਥਿਤ ਸੀ। ਇਹ ਅਨੁਸ਼ਾਸਨ ਅਤੇ ਆਤਮਿਕ ਸ਼ਾਂਤੀ ਦੀ ਇੱਕ ਬੇਮਿਸਾਲ ਤਸਵੀਰ ਸੀ, ਜੋ ਮੈ ਮਹਿਸੂਸ ਕੀਤੀ।
ਇੰਨੀ ਵੱਡੀ ਭੀੜ ਹੋਣ ਦੇ ਬਾਵਜੂਦ ਨਾ ਟ੍ਰੈਫਿਕ ਵਿੱਚ ਕੋਈ ਸਮੱਸਿਆ ਹੋਈ, ਨਾ ਹੀ ਪਾਰਕਿੰਗ ਦੀ ਕੋਈ ਤਕਲੀਫ। ਸੇਵਾਦਾਰਾਂ ਦੀ ਵਿਵਸਥਾ ਅਤੇ ਉਨ੍ਹਾਂ ਦੀ ਸੇਵਾ-ਭਾਵਨਾ ਬਾਕਮਾਲ ਸੀ। ਹਰ ਵਿਅਕਤੀ ਇੱਕ ਵਿਹੰਗਮ ਤਸਵੀਰ ਦਾ ਹਿੱਸਾ ਸੀ, ਜਿੱਥੇ ਸ਼ਰਧਾ, ਸੇਵਾ ਅਤੇ ਅਨੁਸ਼ਾਸਨ ਆਪਸ ਵਿੱਚ ਬੱਝੇ ਹੋਏ ਸਨ।
ਦਰਸ਼ਨਾਂ ਦੌਰਾਨ ਬਹੁਤ ਵੀ ਭਾਵੁਕ ਤੇ ਆਤਮਿਕ ਮਾਹੌਲ ਬਣਿਆ ਹੋਇਆ ਸੀ, ਜਿਸ ਨੇ ਹਰ ਕਿਸੇ ਨੂੰ ਆਪਣੀ ਗੋਦ ਵਿੱਚ ਲੈ ਲਿਆ ਸੀ। ਆਲੇ-ਦੁਆਲੇ ਦੇ ਘਰਾਂ ਦੇ ਲੋਕ ਆਪਣੀਆਂ ਛੱਤਾਂ ‘ਤੇ ਚੜ੍ਹਕੇ ਬਾਬਾ ਜੀ ਦੇ ਦਰਸ਼ਨ ਕਰ ਰਹੇ ਸਨ। ਸ਼ਰਧਾ, ਪਿਆਰ ਅਤੇ ਵਿਸ਼ਵਾਸ ਦੀ ਇਕ ਅਨੋਖੀ ਤਸਵੀਰ ਦਿੱਖ ਰਹੀ ਸੀ।
ਇਹ ਦ੍ਰਿਸ਼ ਸਿਰਫ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ, ਇਹ ਦ੍ਰਿਸ਼ ਸਤਸੰਗ, ਅਨੁਸ਼ਾਸਨ ਅਤੇ ਸੇਵਾ ਦੀ ਇੱਕ ਉੱਚੀ ਮਿਸਾਲ ਪੇਸ਼ ਕਰਦੇ ਹਨ, ਤੇ ਜੋ ਉਥੇ ਮੌਜੂਦ ਸਨ, ਉਹ ਇਸ ਅਨੁਭਵ ਨੂੰ ਹਮੇਸ਼ਾ ਯਾਦ ਰੱਖਣਗੇ।