32 ਬੰਬਾਂ ਦੇ ਬਿਆਨ ਤੋਂ ਬਾਅਦ ਬਾਜਵਾ ਮੁਸੀਬਤ ‘ਚ: ਮੋਹਾਲੀ ‘ਚ ਦਰਜ ਹੋਈ ਐਫਆਈਆਰ, ਪੁਲਿਸ ਪੇਸ਼ੀ ਅੱਜ

ਨੈਸ਼ਨਲ ਟਾਈਮਜ਼ ਬਿਊਰੋ :-  ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ 32 ਬੰਬਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਉਨ੍ਹਾਂ ਵਿਰੁੱਧ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਬਾਜਵਾ ‘ਤੇ ਬੀਐਨਐਸ ਦੀ ਧਾਰਾ 197 (1) (ਡੀ) ਅਤੇ 353 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹ ਅੱਜ (ਮੰਗਲਵਾਰ) ਦੁਪਹਿਰ 2 ਵਜੇ ਮੋਹਾਲੀ ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ। 

ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ। ਇਸ ਵਿੱਚ ਸਾਰੇ ਕਾਂਗਰਸੀ ਵਿਧਾਇਕ, ਸੰਸਦ ਮੈਂਬਰ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਹਿੱਸਾ ਲੈਣਗੇ। ਕਾਂਗਰਸ ਦਾ ਕਹਿਣਾ ਹੈ ਕਿ ਬਾਜਵਾ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਨੂੰ ਡਰਾਉਣ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਦਰਅਸਲ ‘ਚ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਜਦੋਂ ਐਂਕਰ ਨੇ ਉਨ੍ਹਾਂ ਨੂੰ ਸੂਬੇ ਦੀ ਸੁਰੱਖਿਆ ਨਾਲ ਜੁੜੇ ਮੁੱਦੇ ‘ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, “ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਇਸਤੇਮਾਲ ਹੋ ਚੁੱਕੇ ਹਨ, ਜਦੋਂ ਕਿ 32 ਬਾਕੀ ਹਨ। ਜਿਸ ਮਗਰੋਂ ਪੰਜਾਬ ਸਰਕਾਰ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ।

ਓਥੇ ਹੀ ਬੀਤੇ ਦਿਨੀਂ ਏਆਈਜੀ ਕਾਊਂਟਰ ਇੰਟੈਲੀਜੈਂਸ ਰਵਜੋਤ ਗਰੇਵਾਲ ਅਤੇ ਐਸਪੀ ਸਿਟੀ ਮੋਹਾਲੀ ਹਰਬੀਰ ਸਿੰਘ ਅਟਵਾਲ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਲਈ ਉਨ੍ਹਾਂ ਦੇ ਚੰਡੀਗੜ੍ਹ ਦੇ ਸੈਕਟਰ- 8 ਸਥਿਤ ਘਰ ਪਹੁੰਚੇ ਸੀ। ਬਾਜਵਾ ਤੋਂ ਗ੍ਰਨੇਡ ਮੁੱਦੇ ਬਾਰੇ ਉਨ੍ਹਾਂ ਦਾ ਸੋਰਸ ਪੁੱਛਿਆ ਗਿਆ ਸੀ। ਪੁਲਿਸ ਸੂਤਰਾਂ ਮੁਤਾਬਿਕ ਤਕਰੀਬਨ ਅੱਧੇ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵੀ ਬਾਜਵਾ ਵਲੋਂ ਕੁੱਝ ਵੀ ਨਹੀਂ ਸਪਸ਼ਟ ਦੱਸਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਰਵਜੋਤ ਗਰੇਵਾਲ ਨੇ ਕਿਹਾ ਸੀ ਕਿ ਬਾਜਵਾ ਸਹਿਯੋਗ ਨਹੀਂ ਕਰ ਰਹੇ। ਇਸ ਤੋਂ ਬਾਅਦ ਸ਼ਾਮ 8 ਵਜੇ ਬਾਜਵੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।

ਅਦਾਲਤ ਵਿੱਚ ਜਾ ਕੇ ਮਿਲੀ ਐਫਆਈਆਰ ਦੀ ਕਾਪੀ

ਇਸ ਤੋਂ ਬਾਅਦ 13 ਤਰੀਕ ਦੀ ਸ਼ਾਮ ਨੂੰ ਬਾਜਵਾ ਦੇ ਘਰ ਪੁੱਛਗਿੱਛ ਲਈ ਸੰਮਨ ਭੇਜੇ ਗਏ। ਉਸਨੂੰ 14 ਅਪ੍ਰੈਲ ਨੂੰ ਸਵੇਰੇ 12 ਵਜੇ ਪੁੱਛਗਿੱਛ ਲਈ ਵੀ ਬੁਲਾਇਆ ਗਿਆ ਸੀ ਪਰ ਬਾਜਵਾ ਪੁੱਛਗਿੱਛ ਵਿੱਚ ਸ਼ਾਮਿਲ ਨਹੀਂ ਹੋਏ ਸੀ। ਉਸਦੇ ਵਕੀਲ ਪੁਲਿਸ ਸਾਹਮਣੇ ਪੇਸ਼ ਹੋਏ ਅਤੇ ਇੱਕ ਦਿਨ ਦਾ ਸਮਾਂ ਮੰਗਿਆ। ਇਸ ਤੋਂ ਬਾਅਦ ਬਾਜਵਾ ਨੂੰ ਮੰਗਲਵਾਰ ਦੁਪਹਿਰ 2 ਵਜੇ ਬੁਲਾਇਆ ਗਿਆ। ਇਸ ਤੋਂ ਬਾਅਦ ਬਾਜਵਾ ਦੇ ਵਕੀਲਾਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਅਤੇ ਸ਼ਾਮ ਚਾਰ ਵਜੇ ਬਾਜਵਾ ਵਿਰੁੱਧ ਦਰਜ ਐਫਆਈਆਰ ਦੀ ਕਾਪੀ ਮਿਲੀ।

ਮੁੱਖ ਮੰਤਰੀ ਨੇ ਕਿਹਾ- ਸੋਰਸ ਦੱਸੋ, ਨਹੀਂ ਤਾਂ ਕਾਰਵਾਈ ਹੋਵੇਗੀ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਭਗ ਢਾਈ ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਚ ਇੰਨੇ ਬੰਬ ਆਉਣ ਸਬੰਧੀ ਜਾਣਕਾਰੀ ਕਿੱਥੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਜਾਣਕਾਰੀ ਨਾ ਤਾਂ ਇੰਟੈਲੀਜੈਂਸ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਕੋਲ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਜਾਣਕਾਰੀ ਵਿਰੋਧੀ ਧਿਰ ਦੇ ਆਗੂ ਕੋਲ ਆਈ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਦੀ ਸੂਚਨਾ ਉਹ ਤੁਰੰਤ ਪੰਜਾਬ ਪੁਲੀਸ ਨੂੰ ਦਿੰਦੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਬੰਬ ਫਟਣ ਅਤੇ ਲੋਕ ਮਰਨ ਤਾਂ ਜੋ ਉਹ ਰਾਜਨੀਤੀ ਕਰ ਸਕਣ। ਜੇ ਅਜਿਹਾ ਨਹੀਂ ਹੈ ਤਾਂ ਉਹ ਝੂਠ ਬੋਲ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਇਹ ਜਾਣਕਾਰੀ ਉਨ੍ਹਾਂ ਕੋਲ ਕਿੱਥੋਂ ਆਈ ਹੈ, ਨਹੀਂ ਤਾਂ ਦਹਿਸ਼ਤ ਫੈਲਾਉਣ ਸਬੰਧੀ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *