Facebook-Instagram ‘ਤੇ Ban ! ਆਸਟ੍ਰੇਲੀਆ ‘ਚ ਅੱਜ ਤੋਂ ਲਾਗੂ ਹੋਏ ਸਖ਼ਤ ਨਿਯਮ

ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਕਾਨੂੰਨ ਬੁੱਧਵਾਰ ਨੂੰ ਲਾਗੂ ਹੋ ਗਿਆ ਹੈ। ਇਸ ਨਵੇਂ ਕਾਨੂੰਨ ਤਹਿਤ ਫੇਸਬੁੱਕ, ਯੂਟਿਊਬ, ਟਿੱਕਟੌਕ ਅਤੇ ਐਕਸ (X) ਸਮੇਤ 10 ਪ੍ਰਮੁੱਖ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਾਬਾਲਗ ਇਨ੍ਹਾਂ ‘ਤੇ ਆਪਣੇ ਅਕਾਊਂਟ ਨਾ ਬਣਾ ਸਕਣ।

ਆਸਟ੍ਰੇਲੀਆ ਦੀ ਸੰਸਦ ਨੇ ਪਿਛਲੇ ਸਾਲ ਨਵੰਬਰ ਵਿੱਚ ‘ਆਨਲਾਈਨ ਸੇਫਟੀ ਅਮੈਂਡਮੈਂਟ (ਸੋਸ਼ਲ ਮੀਡੀਆ ਮਿਨੀਮਮ ਏਜ) ਬਿੱਲ 2024’ ਪਾਸ ਕੀਤਾ ਸੀ। ਜਿਹੜੇ ਪਲੇਟਫਾਰਮ ਇਸ ਨਿਯਮ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ 49.5 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 32.8 ਮਿਲੀਅਨ ਅਮਰੀਕੀ ਡਾਲਰ) ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਉਨ੍ਹਾਂ ਦੇ ਮਾਪਿਆਂ ਲਈ ਕੋਈ ਜੁਰਮਾਨਾ ਨਹੀਂ ਹੈ। ਫਿਲਹਾਲ ਜਿਨ੍ਹਾਂ ਪਲੇਟਫਾਰਮਾਂ ‘ਤੇ ਇਹ ਨਿਯਮ ਲਾਗੂ ਹੋਇਆ ਹੈ, ਉਨ੍ਹਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਥਰੈਡਸ, ਟਿੱਕਟੌਕ, ਟਵਿੱਚ, ਐਕਸ, ਯੂਟਿਊਬ, ਕਿੱਕ ਅਤੇ ਰੈੱਡਿਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਸਰਕਾਰ ਨੇ ਇਹ ਬਦਲਾਅ ਉਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਕੀਤਾ ਹੈ, ਜੋ ਐਲਗੋਰਿਦਮ, ਅਣਚਾਹੀ ਫੀਡਜ਼ ਅਤੇ ਇਨ੍ਹਾਂ ਦੇ ਦਬਾਅ ਹੇਠ ਵੱਡੇ ਹੋਏ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫ਼ੋਨਾਂ ‘ਤੇ ਸਕ੍ਰੋਲ ਕਰਨ ਦੀ ਬਜਾਏ, ਛੁੱਟੀਆਂ ਵਿੱਚ ਨਵੀਂ ਖੇਡ ਜਾਂ ਸਾਜ਼ ਸਿੱਖਣ ਜਾਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਹਮੋ-ਸਾਹਮਣੇ ਸਮਾਂ ਬਿਤਾਉਣ ਲਈ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਹੈ।

ਇਕ ਸਰਵੇ ਮੁਤਾਬਕ 73 ਫ਼ੀਸਦੀ ਆਸਟ੍ਰੇਲੀਆਈ ਇਸ ਪਾਬੰਦੀ ਦੇ ਸਮਰਥਨ ਵਿੱਚ ਹਨ, ਖਾਸ ਕਰਕੇ ਅਧਿਆਪਕ ਅਤੇ ਮਾਪੇ। ਹਾਲਾਂਕਿ ਸਿਰਫ਼ 26 ਫ਼ੀਸਦੀ ਨੂੰ ਹੀ ਵਿਸ਼ਵਾਸ ਹੈ ਕਿ ਇਹ ਉਪਾਅ ਕਾਰਗਰ ਸਾਬਤ ਹੋਵੇਗਾ। ਜ਼ਿਆਦਾਤਰ ਪਲੇਟਫਾਰਮ ਇਸ ਨਿਯਮ ਦਾ ਵਿਰੋਧ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਸ ਨੂੰ ਲਾਗੂ ਕਰਨਾ ਮੁਸ਼ਕਲ ਹੈ ਅਤੇ ਇਹ ਨੌਜਵਾਨਾਂ ਨੂੰ ਇੰਟਰਨੈਟ ਦੇ ਹਨੇਰੇ ਕੋਨਿਆਂ ਵੱਲ ਧੱਕ ਸਕਦਾ ਹੈ। ਆਸਟ੍ਰੇਲੀਆ ਵੱਲੋਂ ਇਸ ਨਿਯਮ ਦੇ ਲਾਗੂ ਕੀਤੇ ਜਾਣ ਮਗਰੋਂ ਰਿਪੋਰਟਾਂ ਅਨੁਸਾਰ ਡੈਨਮਾਰਕ, ਮਲੇਸ਼ੀਆ, ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਨਿਊਜ਼ੀਲੈਂਡ ਸਮੇਤ ਕਈ ਹੋਰ ਦੇਸ਼ ਵੀ ਅਜਿਹੇ ਕਦਮਾਂ ‘ਤੇ ਵਿਚਾਰ ਕਰ ਰਹੇ ਹਨ।

By Rajeev Sharma

Leave a Reply

Your email address will not be published. Required fields are marked *