ਬਰਨਾਲਾ ਦੇ ਨੌਜਵਾਨ ਦਾ ਮਨੀਲਾ ‘ਚ ਗੋਲੀਆਂ ਮਾਰ ਕੇ ਕਤਲ, ਕਾਤਲਾਂ ‘ਚ ਦੋ ਪੰਜਾਬੀ ਸ਼ਾਮਲ

ਨੈਸ਼ਨਲ ਟਾਈਮਜ਼ ਬਿਊਰੋ :- ਬਰਨਾਲਾ ਦੇ ਇੱਕ 33 ਸਾਲਾਂ ਨੌਜਵਾਨ ਨੂੰ ਮਨੀਲਾ ‘ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਹਰਦੇਵ ਸਿੰਘ ਵਸਨੀਕ ਸੰਧੂ ਪੱਟੀ ਵਜੋਂ ਹੋਈ ਹੈ। ਮਨਪ੍ਰੀਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਇਸ ਦੌਰਾਨ ਮੌਕਾ ਦੇਖਦੇ ਹੋਏ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਤਿੰਨ ਲੋਕਾਂ ਨੇ ਕੀਤਾ ਹੈ, ਜਿਨ੍ਹਾਂ ‘ਚੋਂ ਦੋ ਪੰਜਾਬੀ ਤੇ ਇੱਕ ਉਨ੍ਹਾਂ ਦਾ ਸਾਥੀ ਹੈ।

ਮ੍ਰਿਤਕ ਮਨਪ੍ਰੀਤ ਸਿੰਘ ਮਨੀ ਦੀ ਮਾਂ ਪਰਮਜੀਤ ਕੌਰ, ਪਿਤਾ ਹਰਦੇਵ ਸਿੰਘ, ਦਾਦੀ ਜੋਗਿੰਦਰ ਕੌਰ ਤੇ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ 2017 ‘ਚ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ‘ਚ ਨੌਕਰੀ ਲੱਭਣ ਲਈ ਮਨੀਲਾ ਗਿਆ ਸੀ। ਉਹ ਪਿਛਲੀ ਦੀਵਾਲੀ ‘ਤੇ ਇੱਕ ਪਰਿਵਾਰਕ ਵਿਆਹ ‘ਚ ਸ਼ਾਮਲ ਹੋਣ ਲਈ ਪੰਜਾਬ ਆਇਆ ਸੀ ਤੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ 9 ਅਕਤੂਬਰ ਨੂੰ ਮਨੀਲਾ ਵਾਪਸ ਗਿਆ ਸੀ।

ਪਿਛਲੇ ਦਿਨ, ਉਨ੍ਹਾਂ ਨੂੰ ਇੱਕ ਫੋਨ ਆਇਆ ਜਿਸ ‘ਚ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ, ਜੋ ਕਿ ਮਨੀਲਾ ‘ਚ ਸੀ, ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਦਾ ਉਦੇਸ਼ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਤਿੰਨ ਹਮਲਾਵਰਾਂ ‘ਚੋਂ ਜਲੰਧਰ ਜ਼ਿਲ੍ਹੇ ਦੇ ਦੋ ਪੰਜਾਬੀ ਭਰਾ ਮੰਨੇ ਜਾ ਰਹੇ ਹਨ। ਮੋਟਰਸਾਈਕਲ ‘ਤੇ ਸਵਾਰ ਮਨਪ੍ਰੀਤ ਸਿੰਘ ਮਨੀ ਨੂੰ ਕੰਮ ‘ਤੇ ਜਾਂਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਮਨਪ੍ਰੀਤ ਸਿੰਘ ਨੂੰ ਇੱਕ ਸੁੰਨਸਾਨ ਇਲਾਕੇ ‘ਚ ਇਕੱਲੇ ਦੇਖ ਕੇ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਤਿੰਨ ਹਮਲਾਵਰਾਂ ‘ਚੋਂ ਇੱਕ ਨੂੰ ਮਨੀਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਮਾਪਿਆਂ ਦੀ ਅਪੀਲ
ਮ੍ਰਿਤਕ ਦੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਬਰਨਾਲਾ ਵਾਪਸ ਲਿਆਉਣ ‘ਚ ਉਨ੍ਹਾਂ ਦੀ ਸਹਾਇਤਾ ਕਰਨ, ਤਾਂ ਜੋ ਉਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

By Gurpreet Singh

Leave a Reply

Your email address will not be published. Required fields are marked *