ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਨਿਊ ਸ਼ਕਤੀ ਨਗਰ ਇਲਾਕੇ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਪ੍ਰਾਈਵੇਟ ਕਾਲਜ ‘ਚ ਫਾਰਮੈਸੀ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਨਾਲ ਉਸ ਦੇ ਪਿਤਾ ਨੇ ਹੀ ਜਬਰ ਜਨਾਹ ਕੀਤਾ ਹੈ। ਲੜਕੀ ਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਉਹ ਘਰ ‘ਚ ਇਕੱਲੀ ਸੀ, ਇਸੇ ਸਮੇਂ ਉਸ ਦੇ ਪਿਤਾ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਥਾਣਾ ਟਿੱਬਾ ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਮਾਮਲ ਦਰਜ ਕਰ ਲਿਆ ਹੈ।
ਪੁਲਿਸ ਦੀ ਜਾਣਕਾਰੀ ਮੁਤਾਬਕ ਪੀੜਤ ਨੇ ਦੱਸਿਆ ਕਿ ਨਵੰਬਰ 2025 ‘ਚ ਉਸ ਦੀ ਮਾਂ ਤੇ ਭਰਾ-ਭੈਣ ਬਿਹਾਰ ਚਲੇ ਗਏ ਸਨ, ਜਿਸ ਤੋਂ ਬਾਅਦ ਉਹ ਘਰ ਆਪਣੇ ਪਿਤਾ ਨਾਲ ਇਕੱਲੀ ਰਹਿ ਰਹੀ ਸੀ। ਇਸ ਦੌਰਾਨ ਮੁਲਜ਼ਮ ਪਿਤਾ ਨੇ ਸ਼ਰਾਬ ਦੇ ਨਸ਼ੇ ‘ਚ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਇਸ ਦੀ ਜਾਣਕਾਰੀ ਫੋਨ ‘ਤੇ ਆਪਣੀ ਮਾਂ ਨੂੰ ਵੀ ਦਿੱਤੀ ਸੀ। ਉਸ ਦੀ ਮਾਂ ਨੇ ਪਿਤਾ ਨੂੰ ਗੁੱਸੇ ‘ਚ ਸਮਝਾਇਆ ਵੀ ਸੀ।
ਕੁੱਝ ਦਿਨ ਤਾਂ ਲੜਕੀ ਦਾ ਪਿਤਾ ਸਹੀ ਰਿਹਾ, ਪਰ 8 ਫਰਵਰੀ ਰਾਤ ਨੂੰ ਮੁਲਜ਼ਮ ਪਿਤਾ ਸ਼ਰਾਬ ਦੇ ਨਸ਼ੇ ‘ਚ ਉਸ ਦੇ ਕਮਰੇ ‘ਚ ਆਇਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਕ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਪਿਤਾ ਨੇ ਉਸ ਦਾ ਮੂੰਹ ਦਬਾ ਦਿੱਤਾ।
ਅਗਲੇ ਦਿਨ ਪੀੜਤ ਲੜਕੀ ਆਪਣੇ ਕਾਲਜ ਪਹੁੰਚੀ ਤੇ ਆਪਣੀ ਸਹਿਪਾਠੀਆਂ ਅੱਗੇ ਰੋਣ ਲੱਗੀ। ਉਸ ਨੇ ਉਨ੍ਹਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੇ ਹੈਲਪਲਾਈਨ ਨੰਬਰ ‘ਤੇ ਫ਼ੋਨ ਕੀਤਾ। ਮਹਿਲਾ ਪੁਲਿਸ ਅਧਿਕਾਰੀ ਦੀ ਮੌਜੂਦਗੀ ‘ਚ ਕਾਲਜ ‘ਚ ਹੀ ਲੜਕੀ ਦਾ ਬਿਆਨ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਧਾਰਾ 64 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
